ਚੰਡੀਗੜ੍ਹ, 5 ਅਪ੍ਰੈਲ (ਰਾਮ ਸਿੰਘ ਬਰਾੜ) - ਸਿਹਤ ਅਤੇ ਪਰਿਵਾਰ ਭਲਾਈ, ਆਯੂਸ਼, ਮੈਡੀਕਲ ਸਿੱਖਿਆ ਅਤੇ ਖੋਜ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਸੂਬੇ ਭਰ ਦੇ ਸਰਕਾਰੀ ਮੈਡੀਕਲ ਅਦਾਰਿਆਂ, ਯੂਨੀਵਰਸਿਟੀਆਂ ਅਤੇ ਸਿਹਤ ਕੇਂਦਰਾਂ ਵਿਚ ਪਾਣੀ ਦੇ ਸਾਰੇ ਟੈਂਕਾਂ ਦੀ ਤੁਰੰਤ ਜਾਂਚ ਅਤੇ ਸਫ਼ਾਈ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ | ਉਨ੍ਹਾਂ ਨੇ ਸੁਰੱਖਿਅਤ ਪਾਣੀ ਦੀ ਸਪਲਾਈ ਯਕੀਨੀ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਦੇ ਪ੍ਰਤੀ ਜ਼ੀਰੋ ਟੋਲਰੈਂਸ ਦੀ ਨੀਤੀ 'ਤੇ ਜ਼ੋਰ ਦਿੱਤਾ ਹੈ | ਡਾ. ਮਿਸ਼ਰਾ ਨੇ ਕਿਹਾ ਕਿ ਸਮੇਂ-ਸਮੇਂ 'ਤੇ ਜਾਣਕਾਰੀ ਵਿਚ ਆਇਆ ਹੈ ਕਿ ਕਈ ਅਦਾਰਿਆਂ ਵਿਚ ਪਾਣੀ ਦੇ ਟੈਂਕਾਂ ਦੀ ਨਿਯਮਤ ਰੂਪ ਨਾਲ ਸਫ਼ਾਈ ਨਹੀਂ ਕੀਤੀ ਜਾ ਰਹੀ ਹੈ, ਜਿਸ ਨਾਲ ਸਿਹਤ ਦਾ ਗੰਭੀਰ ਖ਼ਤਰਾ ਪੈਦਾ ਹੋ ਰਿਹਾ ਹੈ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਰੀਜ਼ਾਂ, ਕਰਮਚਾਰੀਆਂ ਅਤੇ ਸੈਲਾਨੀਆਂ ਲਈ ਸੁਰੱਖਿਅਤ ਅਤੇ ਸਵੱਛ ਪਾਣੀ ਉਪਲਬਧ ਕਰਵਾਉਣ ਬੇਹੱਦ ਜ਼ਰੂਰੀ ਹੈ ਅਤੇ ਇਸ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ |