ਖਰੜ, 5 ਅਪ੍ਰੈਲ (ਗੁਰਮੁੱਖ ਸਿੰਘ ਮਾਨ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਅਤੇ ਹਲਕੇ ਦੀਆਂ ਮੀਟਿੰਗਾਂ ਵਿਚ ਹਲਕੇ ਦੇ ਲੋਕਾਂ ਨੇ ਦਿੱਲੀ ਆਧਾਰਿਤ ਰਾਜਨੀਤਿਕ ਪਾਰਟੀਆਂ ਪ੍ਰਤੀ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜ਼ਾਹਿਰ ਕੀਤੀ ਹੈ | ਉਨ੍ਹਾਂ ਹਲਕੇ ਦੇ ਪਿੰਡ ਹਸਨਪੁਰ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੀਟਿੰਗ 'ਚ ਪਿੰਡ ਵਾਸੀਆਂ ਦੀ ਉਤਸ਼ਾਹ ਭਰੀ ਭਾਗੀਦਾਰੀ ਦੇਖਣ ਨੂੰ ਮਿਲੀ, ਜੋ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਵਧ ਰਹੀ ਇੱਛਾ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਇਸ ਮੌਕੇ ਹਾਜ਼ਰ ਲੋਕਾਂ ਨੇ ਇਕੱਠੇ ਹੋ ਕੇ ਅਕਾਲੀ ਦਲ ਦਾ ਸਮਰਥਨ ਕਰਨ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਬਣਾਉਣ ਦਾ ਸੰਕਲਪ ਜਤਾਇਆ | ਉਕਤ ਮੀਟਿੰਗ ਵਿਚ ਹਰਬੰਤ ਸਿੰਘ, ਜਗਤਾਰ ਸਿੰਘ, ਕੁਲਬੀਰ ਸਿੰਘ ਕਾਲਾ, ਪਰਮਜੀਤ ਸਿੰਘ, ਦਲਜੀਤ ਸਿੰਘ, ਗੁਰਦੀਪ ਸਿੰਘ ਪੰਚ, ਪ੍ਰੇਮ ਸਿੰਘ, ਅਵਤਾਰ ਸਿੰਘ ਰਿੰਕੂ, ਸਰਵਜੀਤ ਸਿੰਘ, ਗੁਰਮੇਲ ਸਿੰਘ ਸਮੇਤ ਹੋਰ ਵਸਨੀਕ ਹਾਜ਼ਰ ਸਨ |