ਢੇਰ, 5 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਪੰਜਾਬ ਵਿਚ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ, ਇਸਦੀ ਜਿਉਂਦੀ-ਜਾਗਦੀ ਅਤੇ ਖ਼ੌਫ਼ਨਾਕ ਮਿਸਾਲ ਭਨੂੰਪਲੀ ਨੰਗਲ ਮੁੱਖ ਮਾਰਗ 'ਤੇ ਦੇਖਣ ਨੂੰ ਮਿਲ ਰਹੀ ਹੈ | ਜਿੱਥੇ ਇੱਕ ਪਾਸੇ ਸਰਕਾਰਾਂ 'ਕਾਨੂੰਨ ਦੇ ਰਾਜ' ਦਾ ਢਿੰਡੋਰਾ ਪਿੱਟਦੀਆਂ ਨਹੀਂ ਥੱਕਦੀਆਂ, ਉੱਥੇ ਹੀ ਦੂਜੇ ਪਾਸੇ ਪੁਲਿਸ ਦੀ ਨੱਕ ਹੇਠ ਸ਼ਰੇਆਮ ਤੇਜ਼ਾਬ ਦਾ ਗੋਰਖ ਧੰਦਾ' ਚੱਲ ਰਿਹਾ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਕਾਲੇ ਕਾਰੋਬਾਰ ਦਾ ਸਰਗਨਾ ਕੋਈ ਆਮ ਵਿਅਕਤੀ ਨਹੀਂ ਹੈ, ਬਲਕਿ ਸਰਕਾਰ ਦਾ 'ਖਾਸਮ-ਖਾਸ' ਮੰਨਿਆ ਜਾਂਦਾ ਹੈ | ਸ਼ਾਇਦ ਇਹੀ ਕਾਰਨ ਹੈ ਕਿ ਸਥਾਨਕ ਪੁਲਿਸ ਦੀਆਂ ਅੱਖਾਂ 'ਤੇ ਸਿਆਸੀ ਦਬਾਅ ਦੀ ਪੱਟੀ ਬੱਝੀ ਹੋਈ ਹੈ | ਕੀ ਕਾਨੂੰਨ ਸਿਰਫ਼ ਆਮ ਆਦਮੀ ਲਈ ਹੈ? ਕਾਨੂੰਨ ਮੁਤਾਬਿਕ ਨੀਲੇ ਅਸਮਾਨ ਥੱਲੇ, ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਖੁੱਲ੍ਹੇਆਮ ਤੇਜ਼ਾਬ ਰੱਖਣਾ ਅਤੇ ਉਣਦਾ ਵਪਾਰ ਕਰਨਾ ਇੱਕ ਸੰਗੀਨ ਜੁਰਮ ਹੈ | ਖੁੱਲ੍ਹੇ ਵਿਚ ਪਿਆ ਤੇਜ਼ਾਬ ਆਸ-ਪਾਸ ਦੇ ਬੱਚਿਆਂ, ਆਮ ਨਾਗਰਿਕਾਂ ਅਤੇ ਜਾਨਵਰਾਂ ਲਈ ਕਿਸੇ ਵੀ ਸਮੇਂ ਵੱਡਾ ਹਾਦਸਾ ਬਣ ਸਕਦਾ ਹੈ | ਬਦਲਾਅ ਦਾ ਨਾਅਰਾ ਦੇ ਕੇ ਸੱਤਾ ਵਿਚ ਆਈ ਸਰਕਾਰ ਅੱਖਾਂ ਕਿਉਂ ਮੀਟੀ ਬੈਠੀ ਹੈ? ਕੀ ਪੁਲਿਸ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਜਾਂ ਅਣਸੁਖਾਵੀਂ ਘਟਨਾ ਦੇ ਵਾਪਰਨ ਦੀ ਉਡੀਕ ਕਰ ਰਿਹਾ ਹੈ? ਜਦੋਂ ਸੁਪਰੀਮ ਕੋਰਟ ਨੇ ਤੇਜ਼ਾਬ ਦੀ ਵਿੱਕਰੀ 'ਤੇ ਸਖ਼ਤ ਨਿਯਮ ਲਾਗੂ ਕੀਤੇ ਹੋਏ ਹਨ, ਤਾਂ ਫਿਰ ਨੰਗਲ ਭਨੂੰਪਲੀ ਮੁੱਖ ਵਿਚ ਇਹ 'ਵੀ.ਆਈ.ਪੀ. ਛੋਟ' ਕਿਸ ਆਧਾਰ 'ਤੇ ਦਿੱਤੀ ਜਾ ਰਹੀ ਹੈ? ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਤੁਰੰਤ ਇਸ ਮਾਮਲੇ ਦਾ ਨੋਟਿਸ ਲੈ ਕੇ ਇਸ ਗੋਰਖ ਧੰਦੇ ਨੂੰ ਬੰਦ ਕਰਵਾਉਣ ਅਤੇ ਸਰਗਣਿਆਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕਰਨ | ਜੇਕਰ ਹੁਣ ਵੀ ਪ੍ਰਸ਼ਾਸਨ ਨਾ ਜਾਗਿਆ, ਤਾਂ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਕਿਸੇ ਵੀ ਜਾਨੀ ਨੁਕਸਾਨ ਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਅਤੇ ਸਥਾਨਕ ਪੁਲਿਸ ਦੀ ਹੋਵੇਗੀ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਤੇਜ਼ਾਬ ਦੇ ਇੱਕ ਟੈਂਕਰ ਵਿਚੋਂ ਇਹਨਾਂ ਤਸਕਰਾਂ ਨੂੰ ਹਜ਼ਾਰਾਂ ਰੁਪਏ ਬਚਦੇ ਹਨ ਅਤੇ ਇਸ ਸਥਾਨ 'ਤੇ ਲਗਾਤਾਰ 30 ਤੋਂ 35 ਟੈਂਕਰ ਰੋਜ਼ਾਨਾ ਆ ਰਹੇ ਹਨ ਜਿਸ ਨਾਲ ਇਹਨਾਂ ਤਸਕਰਾਂ ਦੀ ਰੋਜ਼ਾਨਾ ਇਨਕਮ ਵੱਡੇ ਪੱਧਰ 'ਚ ਦੱਸੀ ਜਾ ਰਹੀ ਹੈ | ਜਦੋਂ ਇਸ ਸਬੰਧ ਵਿਚ ਜ਼ਿਲ੍ਹਾ ਪੁਲਿਸ ਮੁਖੀ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਹੁਣ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ, ਉਹ ਤੁਰੰਤ ਇਸ ਪ੍ਰਤੀ ਕਾਰਵਾਈ ਕਰਨਗੇ |