ਚੰਡੀਗੜ੍ਹ, 5 ਅਪ੍ਰੈਲ (ਅਜਾਇਬ ਸਿੰਘ ਔਜਲਾ) ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਅਤੇ ਸੰਗੀਤ ਨਾਟਕ ਅਕੈਡਮੀ ਪੰਜਾਬ ਚੰਡੀਗੜ੍ਹ ਵਲੋਂ ਕਰਵਾਏ ਜਾ ਰਹੇ ਨਾਟਕਕਾਰ ਡਾ. ਹਰਚਰਨ ਸਿੰਘ ਨੂੰ ਸਮਰਪਿਤ 11 ਰੋਜ਼ਾ ਰੰਗਮੰਚ ਉਤਸਵ 2026 ਦੇ ਪੰਜਵੇਂ ਦਿਨ 'ਅਦਾਕਾਰ ਮੰਚ ਮੋਹਾਲੀ' ਦੇ ਨਿਰਦੇਸ਼ਕ ਤੇ ਨਾਟਕਕਾਰ ਡਾ. ਸਾਹਿਬ ਸਿੰਘ ਵਲੋਂ ਪੰਜਾਬੀ ਸਮਾਜ ਦੀ ਪ੍ਰਚਲਿਤ 'ਮਰਦ ਬੱਚਾ' ਦੀ ਧਾਰਨਾ ਦਾ ਦਿਲਚਸਪ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ | ਡਾ. ਸਾਹਿਬ ਸਿੰਘ ਦਾ ਇਹ ਨਾਟਕ ਪਾਠ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਗਏ | ਕੀ ਝਟਪਟ ਅਪਣੀ ਹਾਓਮੇ ਨੂੰ ਪੱਠੇ ਪਾਉਣ ਲਈ ਕੀਤਾ ਫੈਸਲਾ ਜਾਂ ਕਾਰਵਾਈ ਇਕ ਮਰਦ ਦੀ ਪਰਿਭਾਸ਼ਾ ਹੋ ਸਕਦੀ ਹੈ ਜਾਂ ਇਹ ਕਾਹਲ ਆਉਣ ਵਾਲੀ ਪੀੜ੍ਹੀ ਦੇ ਰਾਹ ਚ' ਕੰਢੇ ਬੀਜ ਸਕਦੀ ਹੈ? ਇਹ ਸਵਾਲ ਇਸ ਨਾਟਕ ਦੇ ਆਰ ਪਾਰ ਚੱਲਦਾ ਹੈ | ਸਾਹਿਬ ਸਿੰਘ ਦਾ ਇਹ ਨਾਟਕ ਪੰਜਾਬੀ ਮਰਦ ਮਾਨਸਿਕਤਾ ਨੂੰ ਮੁੜ ਸੋਚਣ ਲਈ ਮਜਬੂਰ ਕਰਦਾ ਹੈ | ਇਸ ਮੌਕੇ ਹਾਜ਼ਰ ਮੁੱਖ ਮਹਿਮਾਨ ਸਾਬਕਾ ਮੇਅਰ ਤੇ ਕਲਾ ਪਰਿਸ਼ਦ ਦੇ ਚੇਅਰ -ਪਰਸਨ ਬੀਬੀ ਹਰਜਿੰਦਰ ਕੌਰ ਨੇ ਇਸ ਨਾਟਕ ਦੀ ਸ਼ਲਾਘਾ ਕੀਤੀ | ਆਰਟ ਕੌਂਸਲ ਪੰਜਾਬ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ ਅਤੇ ਰੰਗਮੰਚ ਉਤਸਵ ਦੇ ਕੋਆਰਡੀਨੇਟਰ ਰਾਜਵਿੰਦਰ ਸਮਰਾਲਾ ਨੇ ਨਾਟਕ ਦੀ ਭਾਵਪੂਰਕ ਪੇਸ਼ਕਾਰੀ ਦੀ ਵਧਾਈ ਦਿੰਦਿਆਂ ਨਾਟਕਕਾਰ ਦਾ ਸਨਮਾਨ ਕੀਤਾ |