ਨੂਰਪੁਰ ਬੇਦੀ, 6 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)- ਹਿਮਾਚਲ ਪ੍ਰਦੇਸ਼ ਦੀ ਸਰਹੱਦ 'ਤੇ 1975 ਟੋਲ ਐਕਟ ਦੇ ਤਹਿਤ ਲਗਾਏ ਜਾ ਰਹੇ ਐਂਟਰੀ ਟੈਕਸ ਖ਼ਿਲਾਫ਼ ਪੰਜਾਬ ਵਿਚ ਸ਼ੁਰੂ ਹੋਇਆ ਸੰਘਰਸ਼ ਹੁਣ ਨਵੇਂ ਪੜਾਅ 'ਚ ਦਾਖਲ ਹੋ ਗਿਆ ਹੈ | ਕਿਸਾਨ ਜਥੇਬੰਦੀਆਂ ਅਤੇ ਟੈਕਸੀ ਯੂਨੀਅਨਾਂ ਵਲੋਂ ਪਹਿਲਾਂ ਹੀ ਤਿੱਖੇ ਵਿਰੋਧ ਤੋਂ ਬਾਅਦ ਹੁਣ ਇਹ ਮੁਹਿੰਮ ਪਿੰਡਾਂ ਤੱਕ ਪਹੁੰਚ ਗਈ ਹੈ, ਜਿੱਥੇ ਯੂਥ ਕਲੱਬਾਂ, ਆਮ ਲੋਕਾਂ ਅਤੇ ਨੌਜਵਾਨਾਂ 'ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ | ਪਿੰਡ ਜਤੋਲੀ ਵਿਖੇ ਪੁਰਾਤਨ ਖੇਡ ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਖੁੱਲ੍ਹ ਕੇ ਇਸ ਮੁੱਦੇ 'ਤੇ ਆਪਣਾ ਸਮਰਥਨ ਦਿੱਤਾ | ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਕਿ ਇਹ ਲੜਾਈ ਸਿਰਫ਼ ਟੈਕਸ ਖ਼ਿਲਾਫ਼ ਨਹੀਂ, ਸਗੋਂ ਪੰਜਾਬ ਦੇ ਹੱਕਾਂ ਅਤੇ ਆਰਥਿਕ ਆਜ਼ਾਦੀ ਦੀ ਲੜਾਈ ਹੈ | ਉਨ੍ਹਾਂ ਕਿਹਾ ਕਿ ਵੱਡੇ ਵੱਡੇ ਸਰਕਾਰੀ ਤੰਤਰਾਂ ਨੂੰ ਇਕੱਠੇ ਹੋਏ ਲੋਕਾਂ ਦੇ ਰੋਹ ਅੱਗੇ ਝੁਕਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਇਸ ਪੜਾਅ 'ਚ ਵਿਰੋਧੀਆਂ ਵਲੋਂ ਸਾਜ਼ਿਸ਼ਾਂ ਜਾਂ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ, ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ | ਉਨ੍ਹਾਂ ਖ਼ਾਸ ਕਰਕੇ ਜ਼ਿਲ੍ਹਾ ਰੋਪੜ ਦੇ ਨੌਜਵਾਨਾਂ, ਮਾਤਾਵਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਅਣਚਾਹੀ ਸਥਿਤੀ ਬਣਦੀ ਹੈ ਤਾਂ ਉਹ ਇਸ ਮੋਰਚੇ ਨੂੰ ਸੰਭਾਲਣ ਲਈ ਤਿਆਰ ਰਹਿਣ | ਚਨੌਲੀ ਦੇ ਖੇਡ ਮੇਲੇ ਦੀ ਵਿਸ਼ੇਸ਼ਤਾ ਇਹ ਰਹੀ ਕਿ ਇੱਥੇ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਸਮਾਜਿਕ ਚੇਤਨਾ ਦਾ ਵੀ ਪ੍ਰਗਟਾਵਾ ਹੋਇਆ | ਪੁਰਾਤਨ ਖੇਡਾਂ ਨੂੰ ਮੁੜ ਜ਼ਿੰਦਾ ਕਰਨ ਦੇ ਇਸ ਉਪਰਾਲੇ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਇਹ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਦਾ ਮਹੱਤਵਪੂਰਨ ਕਦਮ ਹੈ |