ਰੂਪਨਗਰ, 8 ਅਪ੍ਰੈਲ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਾਹਵਾਰ ਮੀਟਿੰਗ ਸੋਹਨ ਲਾਲ ਸੰਧੂ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਲਗਭਗ 80 ਪੁਲਿਸ ਪੈਨਸ਼ਨਰਜ਼ ਅਤੇ ਫੈਮਿਲੀ ਪੈਨਸ਼ਨਰਜ਼ ਨੇ ਹਿੱਸਾ ਲਿਆ | ਮੀਟਿੰਗ ਦੀ ਸ਼ੁਰੂਆਤ ਦੌਰਾਨ ਜਨਰਲ ਸਕੱਤਰ ਜੋਗਿੰਦਰ ਸਿੰਘ ਮਾਨ ਵਲੋਂ ਜਾਣਕਾਰੀ ਦਿੱਤੀ ਗਈ ਕਿ ਸੰਸਥਾ ਦੇ ਰਿਟਾਇਰਡ ਏ.ਐਸ.ਆਈ. ਜੁਝਾਰ ਸਿੰਘ ਦਾ ਮਿਤੀ 28 ਮਾਰਚ 2026 ਨੂੰ ਦੇਹਾਂਤ ਹੋ ਗਿਆ ਹੈ | ਇਸ ਮੌਕੇ ਉਨ੍ਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਤੋਂ ਬਾਅਦ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵਲੋਂ ਵੱਖ-ਵੱਖ ਮਸਲਿਆਂ ਸਬੰਧੀ ਜਾਣਕਾਰੀ ਮੰਗੀ ਗਈ, ਜਿਸ ਬਾਰੇ ਜਨਰਲ ਸਕੱਤਰ ਵਲੋਂ ਵਿਸਥਾਰ ਨਾਲ ਜਵਾਬ ਦਿੱਤੇ ਗਏ | ਮੀਟਿੰਗ ਨੂੰ ਸੀਨੀਅਰ ਮੀਤ ਪ੍ਰਧਾਨ ਕੇਹਰ ਸਿੰਘ ਅਤੇ ਪ੍ਰਧਾਨ ਸੋਹਨ ਲਾਲ ਸੰਧੂ ਵਲੋਂ ਸੰਬੋਧਨ ਕੀਤਾ ਗਿਆ |