ਨੰਗਲ, 9 ਅਪ੍ਰੈਲ (ਗੁਰਪ੍ਰੀਤ ਸਿੰਘ ਗਰੇਵਾਲ)-ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਠਾਕੁਰ ਵਿਕਰਮਾਦਿਤਿਆ ਸਿੰਘ ਦੀ ਸੱਸ ਮੈਡਮ ਉਪਿੰਦਰ ਸੇਖੋਂ ਦੀ ਕਿਤਾਬ ''ਨਿਰੰਤਰ ਯਾਤਰਾU ਛੇਤੀ ਹੀ ਪ੍ਰਕਾਸ਼ਿਤ ਹੋਵੇਗੀ | ਇਸ ਵਾਰਤਕ ਪੁਸਤਕ 'ਚ ਮੈਡਮ ਉਪਿੰਦਰ ਸੇਖੋਂ ਨੇ ਜ਼ਿੰਦਗੀ ਦੀ ਜੰਗ ਬਾਰੇ ਕਈ ਰੰਗ ਸਾਂਝੇ ਕੀਤੇ ਹਨ | ਚੇਤੇ ਰਹੇ ਕਿ ਮੈਡਮ ਉਪਿੰਦਰ ਸੇਖੋਂ ਨੂੰ ਸਨ 2000 'ਚ ਬਰੇਨ ਟਿਊਮਰ ਹੋ ਗਿਆ ਸੀ ਅਤੇ ਉਨ੍ਹਾਂ ਦਾ ਅਮਰੀਕਾ 'ਚ ਮੇਜਰ ਅਪਰੇਸ਼ਨ ਹੋਇਆ ਸੀ | ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਮੈਡਮ ਉਪਿੰਦਰ ਸੇਖੋਂ ਨੇ ਦੱਸਿਆ ਕਿ ਬਰੇਨ ਟਿਊਮਰ ਨੂੰ ਹਰਾ ਕੇ ਮੈਂ ਖੁਦ ਨੂੰ ਖੇਡ ਮੈਦਾਨ ਨਾਲ ਜੋੜਿਆ | ਅੱਜ ਮੇਰੀ ਉਮਰ 65 ਸਾਲ ਹੈ ਅਤੇ ਮੈਂ ਫਰਵਰੀ 'ਚ ਬਠਿੰਡਾ ਅਤੇ ਮਾਰਚ 'ਚ ਚੰਡੀਗੜ੍ਹ 'ਚ ਹੋਈਆਂ ਰਾਸ਼ਟਰੀ ਖੇਡਾਂ 'ਚ 6 ਗੋਲਡ ਮੈਡਲ ਜਿੱਤੇ ਹਨ | ਮੈਡਮ ਸੇਖੋਂ ਚੰਗੇ ਐਥਲੀਟ ਹਨ | ਉਨ੍ਹਾਂ ਦੱਸਿਆ ਕਿ ''ਨਿਰੰਤਰ ਯਾਤਰਾU ਪੁਸਤਕ ਦਾ ਮੰਤਵ ਛੋਟੇ ਛੋਟੇ ਤਜਰਬੇ ਸਾਂਝੇ ਕਰਕੇ ਉਨ੍ਹਾਂ ਲੋਕਾਂ ਨੂੰ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨਾ ਹੈ, ਜਿਹੜੇ ਜ਼ਿੰਦਗੀ ਦੇ ਸਫਰ ਤੋਂ ਨਿਰਾਸ਼ ਹੋ ਗਏ ਹਨ | ਮੈਡਮ ਉਪਿੰਦਰ ਕੌਰ ਨੂੰ ਪੁਰਾਣੀਆਂ ਵਸਤੂਆਂ ਇੱਕਠੀਆਂ ਕਰਨ ਦਾ ਬਹੁਤ ਹੀ ਸ਼ੌਂਕ ਹੈ | ਉਨ੍ਹਾਂ ਨੇ ਆਪਣੇ ਸੈਕਟਰ ਦੋ ਚੰਡੀਗੜ੍ਹ ਸਥਿਤ ਘਰ 'ਚ ਇੱਕ ਕਮਾਲ ਦਾ ਗੱਡਾ ਸਾਂਭਿਆ ਹੋਇਆ ਹੈ, ਜਿਹੜਾ ਕਦੇ ਖਾਨਾਬਦੋਸ਼ ਵਰਤਦੇ ਸਨ | ਮੈਡਮ ਉਪਿੰਦਰ ਸੇਖੋਂ ਦੀ ਬੇਟੀ ਅਮਰੀਨ ਵਿਕਰਮਾਦਿਤਿਆ ਸਿੰਘ ਬਹੁਤ ਚੰਗੀ ਪਾਠਕ ਹੈ ਅਤੇ ਰੀਵਿਊ ਲਿਖਦੀ ਹੈ | ਮੈਡਮ ਉਪਿੰਦਰ ਸੇਖੋਂ ਦੀ ਵਿੱਦਿਅਕ ਯੋਗਤਾ ਐਮ.ਏ. ਅੰਗਰੇਜ਼ੀ ਅਤੇ ਐਲ.ਐਲ.ਬੀ. ਹੈ | ਇਹ ਪੁਸਤਕ ਪਹਿਲਾਂ ''ਅਨਸਟੋਪੇਬਲ ਜਰਨੀ'' ਟਾਈਟਲ ਅਧੀਨ ਅੰਗਰੇਜ਼ੀ 'ਚ ਛਪੇਗੀ ਮਗਰੋਂ ਭਾਰਤੀ ਭਾਸ਼ਾਵਾਂ 'ਚ |