ਰੂਪਨਗਰ, 10 ਅਪ੍ਰੈਲ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਵਸਨੀਕ ਗੁਰਪ੍ਰੀਤ ਸਿੰਘ ਹੀਰਾ ਦੇ ਬੇਟੇ ਸੁਖਰਾਜ ਸਿੰਘ ਹੀਰਾ ਨੇ ਯੂ.ਪੀ.ਐਸ.ਸੀ. ਵਲੋਂ ਕਰਵਾਈ ਗਈ ਸੀ.ਡੀ.ਐਸ. (ਕੰਬਾਈਨਡ ਡਿਫੈਂਸ ਸਰਵਿਸਜ਼) ਪ੍ਰੀਖਿਆ ਵਿਚ ਦੇਸ਼ ਭਰ ਵਿੱਚੋਂ ਚੋਥਾ ਰੈਂਕ ਹਾਸਲ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਉਪਲਬਧੀ ਨਾਲ ਨੌਜਵਾਨਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਸੁਖਰਾਜ ਸਿੰਘ ਹੀਰਾ ਅਤੇ ਉਨ੍ਹਾਂ ਦੇ ਪਿਤਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਵਿਧਾਇਕ ਚੱਢਾ ਨੇ ਦੱਸਿਆ ਕਿ ਸੁਖਰਾਜ ਸਿੰਘ ਹੀਰਾ ਹੁਣ ਜੂਨ 2026 ਵਿਚ ਸ਼ੁਰੂ ਹੋਣ ਵਾਲੇ 161ਵੇਂ ਕੋਰਸ ਲਈ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.), ਦੇਹਰਾਦੂਨ ਵਿਚ ਸ਼ਾਮਿਲ ਹੋਵੇਗਾ, ਜੋ ਉਸਦੇ ਰੱਖਿਆ ਬਲਾਂ ਵਿਚ ਭਵਿੱਖੀ ਅਧਿਕਾਰੀ ਬਣਨ ਦੇ ਸਫ਼ਰ ਦੀ ਸ਼ੁਰੂਆਤ ਹੋਵੇਗੀ | ਉਨ੍ਹਾਂ ਉਮੀਦ ਜਤਾਈ ਕਿ ਸੁਖਰਾਜ ਆਉਣ ਵਾਲੇ ਸਮੇਂ ਵਿਚ ਦੇਸ਼ ਦੀ ਸੇਵਾ ਕਰਦੇ ਹੋਏ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰੇਗਾ ਅਤੇ ਨੌਜਵਾਨਾਂ ਲਈ ਪ੍ਰੇਰਣਾ ਬਣੇਗਾ | ਸੁਖਰਾਜ ਸਿੰਘ ਹੀਰਾ ਨੇ ਵਿਧਾਇਕ ਦਿਨੇਸ਼ ਚੱਢਾ ਅਤੇ ਹੋਰ ਪਤਵੰਤਿਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਸਦੇ ਲਈ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਹੈ ਅਤੇ ਉਹ ਭਵਿੱਖ ਵਿਚ ਵੀ ਆਪਣੇ ਇਲਾਕੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਵਚਨਬੱਧ ਰਹੇਗਾ | ਇਸ ਮੌਕੇ ਪੰਜਾਬ ਸਪੋਰਟਸ ਡਿਪਾਰਟਮੈਂਟ ਦੇ ਰਿਟਾ : ਡਿਪਟੀ ਡਾਇਰੈਕਟਰ ਸੁਰਜੀਤ ਸਿੰਘ ਸੰਧੂ, ਨਗਰ ਕੌਂਸਲ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਸੇਵਾ ਮੁਕਤ ਪਿ੍ੰਸੀਪਲ ਡਾ. ਸੰਤ ਸੁਰਿੰਦਰ ਪਾਲ ਸਿੰਘ, ਹਰੀਸ਼ ਜਲੋਟਾ ਅਤੇ ਸੁਖਰਾਜ ਸਿੰਘ ਹੀਰਾ ਦੇ ਮਾਤਾ ਪਿਤਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |