ਪੁਰਖਾਲੀ, 10 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਚੰਡੀਗੜ੍ਹ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਨ ਸੰਬੰਧੀ ਸ਼ੁਰੂ ਕੀਤਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ | ਇਲਾਕਾ ਵਾਸੀਆਂ ਅਨੁਸਾਰ ਸਰਕਾਰ ਵਲੋਂ ਕਰੀਬ ਡੇਢ ਸਾਲ ਪਹਿਲਾਂ ਚੰਡੀਗੜ੍ਹ ਨੂੰ ਹਿਮਾਚਲ ਪ੍ਰਦੇਸ਼ ਨਾਲ ਮਿਲਾਉਣ ਸੰਬੰਧੀ ਸਿਸਵਾਂ, ਮੀਆਂਪੁਰ ਚੰਗਰ, ਹਰੀਪੁਰ, ਪੁਰਖਾਲੀ, ਕਕੌਟ, ਮਾਜਰੀ ਘਾੜ ਤੱਕ ਸੜਕ ਦਾ ਕੰਮ ਸ਼ੁਰੂ ਕੀਤਾ ਸੀ, ਪਰ ਉਕਤ ਸੜਕ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ | ਲੋਕਾਂ ਨੇ ਦੱਸਿਆ ਕਿ ਜਿਹੜੀਆਂ ਸੜਕਾਂ ਇਸ ਸੜਕ ਤੋਂ ਬਾਅਦ ਬਣਨੀਆਂ ਸ਼ੁਰੂ ਹੋਈਆਂ ਸਨ | ਉਹ ਕਦ ਤੋਂ ਬਣ ਕੇ ਤਿਆਰ ਹੋ ਗਈਆਂ ਹਨ ਪਰ ਇਸ ਸੜਕ ਨੂੰ ਪਤਾ ਨਹੀਂ ਕਿਹੜੇ ਨਜ਼ਰ ਲੱਗੀ ਹੋਈ ਹੈ ਜੋ ਅਜੇ ਤੱਕ ਮੁਕੰਮਲ ਨਹੀਂ ਹੋ ਸਕੀ | ਉਨ੍ਹਾਂ ਦੱਸਿਆ ਕਿ ਪੁਰਖਾਲੀ ਤੋਂ ਲੈ ਕੇ ਕਕੌਟ-ਮਾਜਰੀ ਤੱਕ ਸੜਕ ਦਾ ਕੰਮ ਅਜੇ ਅਧੂਰਾ ਪਿਆ ਹੈ | ਇਲਾਕਾ ਵਾਸੀਆਂ ਅਨੁਸਾਰ ਲੋਕ ਕਰੀਬ ਡੇਢ ਸਾਲ ਤੋਂ ਇਸ ਸੜਕ ਦਾ ਸੰਤਾਪ ਭੋਗਦੇ ਆ ਰਹੇ ਹਨ ਲੋਕਾਂ ਅਨੁਸਾਰ ਉਹਨਾਂ ਦੇ ਨਾਲ-ਨਾਲ ਸਾਡੀ ਮਸ਼ੀਨਰੀ ਨੂੰ ਵੀ ਸੜਕ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ | ਇਸ ਸੰਬੰਧੀ ਇਲਾਕਾ ਵਾਸੀਆਂ ਬਲਵੀਰ ਸਿੰਘ, ਬਹਾਦਰ ਸਿੰਘ, ਰਾਮ ਸਿੰਘ, ਜਸਵੰਤ ਸਿੰਘ, ਕਮਲਜੀਤ ਸਿੰਘ, ਸ਼ਮਸ਼ੇਰ ਸਿੰਘ, ਕੇਸਰ ਸਿੰਘ ਬਲਵਿੰਦਰ ਸਿੰਘ, ਜਸਵੀਰ ਸਿੰਘ, ਰਣਧੀਰ ਸਿੰਘ, ਪਾਲ ਸਿੰਘ, ਸੰਦੀਪ ਕੁਮਾਰ ਆਦਿ ਨੇ ਦੱਸਿਆ ਕਿ ਸੜਕ 'ਤੇ ਪਾਇਆ ਪੱਥਰ ਨਿਕਲ ਕੇ ਸੜਕ 'ਤੇ ਖਿੰਡਿਆ ਪਿਆ ਹੈ, ਜੋ ਕਿ ਰਾਹਗੀਰਾਂ ਲਈ ਇਕ ਆਫਤ ਬਣਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਕਕੌਟ ਵਿਖੇ ਇਕ ਚੋਅ ਨੂੰ ਪੁਲੀ ਲਗਾਉਣ ਦਾ ਕੰਮ ਵੀ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ | ਲੋਕਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੀ ਲੋਕਾਂ ਦੀ ਸਮੱਸਿਆ ਨੂੰ ਸੁਣ ਕੇ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸੜਕ ਦਾ ਕੰਮ ਜਲਦੀ ਮੁਕੰਮਲ ਕਰਨ ਦੀਆਂ ਹਦਾਇਤਾਂ ਦੇ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਵਿਭਾਗ ਦੇ ਇਸ ਤੋਂ ਵੀ ਸੀਨੀਅਰ ਅਧਿਕਾਰੀ ਵੀ ਇਹ ਵਿਸ਼ਵਾਸ ਦਿਵਾ ਚੁੱਕੇ ਹਨ ਕਿ ਸੜਕ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ ਪਰ ਸਾਰੇ ਹੀ ਇਸ ਸੜਕ ਦਾ ਕੰਮ ਸ਼ੁਰੂ ਕਰਵਾਉਣ ਨੂੰ ਲੈ ਕੇ ਸਭ ਭੁੱਲੀ ਬੈਠੇ ਹਨ | ਲੋਕਾਂ ਨੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੋਂ ਫਿਰ ਮੰਗ ਕੀਤੀ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਉਕਤ ਸੜਕ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾਵੇ |