ਨੂਰਪੁਰ ਬੇਦੀ, 15 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਸਥਾਨਕ ਪੁਲਿਸ ਨੇ ਹਰੀਪੁਰ ਪੁਲਿਸ ਚੌਕੀ ਦੇ ਨਜ਼ਦੀਕ ਕਰਿਆਨੇ ਦੀ ਦੁਕਾਨ 'ਚ ਚੋਰੀ ਦੇ ਮਾਮਲੇ 'ਚ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਪੁਲਿਸ ਨੇ ਚੋਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰੋਹਿਤ ਸ਼ਰਮਾ ਨੇ ਦੱਸਿਆ ਕਿ 13 ਅਪ੍ਰੈਲ ਨੂੰ ਹਰਜਿੰਦਰ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਪਿੰਡ ਖਟਾਣਾ ਦੀ ਦੁਕਾਨ ਵਿਚੋਂ ਕਰਿਆਨੇ ਦਾ ਸਮਾਨ, ਇੱਕ ਇਨਵਰਟਰ, ਬੈਟਰੀ, ਵੱਡਾ ਕੰਡਾ ਅਤੇ ਦੋ ਗੈਸ ਸਿਲੰਡਰ ਆਦਿ ਚੋਰੀ ਕਰ ਲਏ ਗਏ ਸਨ | ਉਪਰੰਤ ਪੁਲਿਸ ਵਲੋਂ ਕੀਤੀ ਜਾਂਚ ਦੌਰਾਨ ਕਥਿਤ ਦੋਸ਼ੀ ਪੂਰਨ ਸਿੰਘ ਪੁੱਤਰ ਅਮਨਦੀਪ ਸਿੰਘ ਅਤੇ ਗੁਰਨਾਮ ਸਿੰਘ ਪੁੱਤਰ ਮੁਨਸ਼ਾ ਸਿੰਘ ਵਾਸੀਆਨ ਪਰਜੀਆ, ਬਿਹਾਰਪੁਰ, ਸਿੰਧਵਾ ਬੇਟ ਜ਼ਿਲ੍ਹਾ ਲੁਧਿਆਣਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਕੋਲੋਂ ਚੋਰੀ ਕੀਤਾ ਗਿਆ ਸਾਮਾਨ ਵੀ ਬਰਾਮਦ ਕਰ ਲਿਆ ਗਿਆ | ਥਾਣਾ ਮੁਖੀ ਨੇ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਹੋਰ ਪੁੱਛਗਿੱਛ ਜਾਰੀ ਹੈ ਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਹੋਰ ਚੋਰੀ ਦੀਆਂ ਘਟਨਾਵਾਂ ਵਿਚ ਵੀ ਤਾਂ ਇਹ ਨੌਜਵਾਨਾਂ ਦੀ ਸ਼ਮੂਲੀਅਤ ਹੈ ਜਾਂ ਨਹੀਂ |