ਮੋਰਿੰਡਾ, 15 ਅਪ੍ਰੈਲ (ਤਰਲੋਚਨ ਸਿੰਘ ਕੰਗ)-ਕਣਕ ਦੀ ਕਟਾਈ ਨੂੰ ਲੈ ਕੇ ਪੀ.ਐਸ.ਪੀ.ਸੀ.ਐਲ.ਵਲੋਂ ਅੱਜ ਕੱਲ੍ਹ ਰਾਤ ਨੂੰ ਡੇਢ ਵਜੇ ਤੋਂ ਲੈ ਕੇ ਚਾਰ ਘੰਟਿਆਂ ਤੱਕ ਬਿਜਲੀ ਸਪਲਾਈ ਖੇਤੀਬਾੜੀ ਵਾਲੀਆਂ ਮੋਟਰਾਂ ਨੂੰ ਦੇਣੀ ਸ਼ੁਰੂ ਕੀਤੀ ਹੈ | ਕਿਉਂਕਿ ਲੰਘੇ ਸਾਲਾਂ ਦੌਰਾਨ ਜਦੋਂ ਮੋਰਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਿਜਲੀ ਦੀ ਕਟਾਈ ਹੋਇਆ ਕਰਦੀ ਸੀ ਤਾਂ ਦਿਨ ਵਿਚ ਬਿਜਲੀ ਆਉਣ ਕਾਰਨ ਕਈ ਥਾਵਾਂ 'ਤੇ ਕਣਕ ਵੱਢਣ ਵਾਲੀਆਂ ਮਸ਼ੀਨਾਂ ਨਾਲ ਤਾਰਾਂ ਆਪਸ ਵਿਚ ਜੁੜਨ ਕਾਰਨ ਕਣਕਾਂ ਤੇ ਕਣਕ ਦੀ ਨਾੜ ਨੂੰ ਅੱਗ ਲੱਗ ਜਾਂਦੀ ਸੀ | ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਸੀ | ਇਸੇ ਕਾਰਨ ਪਿਛਲੇ ਸੀਜ਼ਨ ਵਿਚ ਪੀ.ਐਸ.ਪੀ.ਸੀ.ਐਲ. ਵਲੋਂ ਸਵੇਰੇ ਚਾਰ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਬਿਜਲੀ ਸਪਲਾਈ ਕਿਸਾਨਾਂ ਨੂੰ ਦਿੱਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਅਤੇ ਭਾਕਿਊ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਇਸ ਵਾਰੀ ਪੀ.ਐਸ.ਪੀ.ਸੀ.ਐਲ. ਵਲੋਂ ਰਾਤ ਸਮੇਂ ਬਿਜਲੀ ਡੇਢ ਵਜੇ ਤੋਂ ਦੇਣੀ ਸ਼ੁਰੂ ਕਰ ਦਿੱਤੀ ਹੈ | ਜਿਸ ਨਾਲ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਾਤ ਸਮੇਂ ਕਈ ਸਬਜ਼ੀਆਂ, ਮੱਕੀ, ਗੰਨਾ, ਚਾਰੇ ਨੂੰ ਪਾਣੀ ਦੇਣਾ ਮੁਸ਼ਕਿਲ ਹੋ ਜਾਂਦਾ ਹੈ | ਸ੍ਰੀ ਚਲਾਕੀ ਨੇ ਕਿਹਾ ਕਿ ਅਗਰ ਰਾਤ ਸਮੇਂ ਡੇਢ ਵਜੇ ਕੋਈ ਸਪਾਰਕਿੰਗ ਨਾਲ ਅੱਗ ਵਗ਼ੈਰਾ ਦੀ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਉਸਨੂੰ ਬੁਝਾਉਣ ਵਿਚ ਵੀ ਸਮੱਸਿਆ ਆਵੇਗੀ | ਇਲਾਕੇ ਦੀਆਂ ਦੋਵੇਂ ਯੂਨੀਅਨਾਂ ਵਲੋਂ ਪੀ.ਐਸ.ਪੀ.ਸੀ.ਐਲ. ਤੋਂ ਮੰਗ ਕੀਤੀ ਹੈ ਕਿ ਸਵੇਰੇ 5 ਵਜੇ ਤੋਂ ਲੈ ਕੇ 9 ਵਜੇ ਤੱਕ ਬਿਜਲੀ ਸਪਲਾਈ ਦਿੱਤੀ ਜਾਵੇ |