ਪੁਰਖਾਲੀ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕਾ ਵਾਸੀਆਂ ਨੇ ਇਲਾਕੇ ਦੇ ਜੰਗਲਾਂ ਅੰਦਰ ਰੁੱਖਾਂ ਦੀ ਹੋਈ ਨਜਾਇਜ਼ ਕਟਾਈ ਨੂੰ ਲੈ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਇਸ ਸਬੰਧੀ ਵਿਧੀ ਜਾਣਕਾਰੀ ਅਨੁਸਾਰ ਕੁੱਝ ਮਹੀਨੇ ਪਹਿਲਾਂ ਇਲਾਕੇ ਦੇ ਫ਼ਤਿਹਪੁਰ, ਭੰਗਾਲਾ ਅਤੇ ਬਾਗਵਾਲੀ ਦੇ ਸਰਕਾਰੀ ਜੰਗਲਾਂ ਅੰਦਰ ਰੁੱਖਾਂ ਦੀ ਨਜਾਇਜ਼ ਕਟਾਈ ਕੀਤੀ ਗਈ ਸੀ | ਜਿਸ ਨੂੰ ਲੈ ਕੇ ਪੁਲਿਸ ਵਿਭਾਗ ਵਲੋਂ ਇੱਕ ਠੇਕੇਦਾਰ, ਜੰਗਲਾਤ ਵਿਭਾਗ ਦੇ ਇੱਕ ਦਿਹਾੜੀਦਾਰ ਕਾਮੇ ਅਤੇ ਜੰਗਲਾਤ ਵਿਭਾਗ ਦੇ ਇੱਕ ਵਣ ਗਾਰਡ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਬੰਧੀ ਸੁਖਵਿੰਦਰ ਸਿੰਘ ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ ਅਤੇ ਬਲਕਾਰ ਸਿੰਘ ਆਦਿ ਨੇ ਦੱਸਿਆ ਕਿ ਵਿਭਾਗ ਦੀਆਂ ਜਾਂਚ ਟੀਮਾਂ ਵਲੋਂ ਕੀਤੀ ਗਈ ਗਿਣਤੀ ਦੇ ਅਨੁਸਾਰ ਬਾਗਵਾਲੀ ਦੇ ਸਰਕਾਰੀ ਜੰਗਲ 'ਚ ਖ਼ੈਰ ਦੇ 800 ਦੇ ਕਰੀਬ ਦਰਖ਼ਤ, ਭੰਗਾਲਾ ਸਰਕਾਰੀ ਜੰਗਲ 'ਚ 200 ਦੇ ਕਰੀਬ ਦਰਖ਼ਤ ਅਤੇ ਫ਼ਤਿਹਪੁਰ ਦੇ ਸਰਕਾਰੀ ਜੰਗਲ 'ਚ 700 ਦੇ ਕਰੀਬ ਦਰਖ਼ਤ ਦੀ ਨਜਾਇਜ਼ ਕੱਟੇ ਪਾਏ ਗਏ | ਇਹਨਾਂ ਵਿਅਕਤੀਆਂ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਜਾਂਚ ਟੀਮ ਵਲੋਂ ਮੁੱਖ ਦਫ਼ਤਰ ਨੂੰ ਭੇਜੀ ਗਈ ਰਿਪੋਰਟ ਦੇ ਮੁਤਾਬਿਕ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਖ਼ਿਲਾਫ਼ ਮਿਲੀ ਭੁਗਤ ਦੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਦੁੱਖ ਦੀ ਗੱਲ ਤਾਂ ਇਹ ਹੈ ਕਿ ਉਕਤ ਸਰਕਾਰੀ ਜੰਗਲਾਂ ਅੰਦਰ ਦਰਖ਼ਤ ਚੋਰੀ ਕਰਵਾਉਣ ਨੂੰ ਲੈ ਕੇ ਕੋਈ ਹੋਰ ਨਹੀਂ ਸਗੋਂ ਜੰਗਲਾਤ ਵਿਭਾਗ ਦੇ ਆਪਣੇ ਹੀ ਲੋਕ ਹਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਲਾਕੇ ਦੇ ਹੋਰਨਾਂ ਜੰਗਲਾਂ ਅੰਦਰ ਵੀ ਰੁੱਖਾਂ ਦੀ ਨਜਾਇਜ਼ ਕਟਾਈ ਹੋਈ ਪਰ ਜੇਕਰ ਇਸ ਸਬੰਧੀ ਕੋਈ ਰੌਲਾ ਰੱਪਾ ਪੈ ਜਾਂਦਾ ਹੈ ਤਾਂ ਨੁਕਸਾਨ ਦੀਆਂ ਰਿਪੋਰਟਾਂ ਭਰ ਕੇ ਹੀ ਗੱਲ ਦੱਬ ਲਈ ਜਾਂਦੀ ਹੈ | ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਜੰਗਲਾਤ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਇਲਾਕੇ ਦੇ ਜੰਗਲਾਂ ਚ ਖ਼ੈਰ ਦੀ ਹੋਈ ਨਜਾਇਜ਼ ਕਟਾਈ ਨੂੰ ਲੈ ਕੇ ਜਾਂਚ ਦੀ ਮੰਗ ਵੀ ਕਰ ਰਹੇ ਹਨ | ਫ਼ਤਿਹਪੁਰ, ਭੰਗਾਲਾ ਅਤੇ ਬਾਗਵਾਲੀ ਵਿਖੇ ਰੁੱਖਾਂ ਦੀ ਨਜਾਇਜ਼ ਕਟਾਈ ਨੂੰ ਲੈ ਕੇ ਜ਼ਿਆਦਾ ਡੀ. ਐਫ. ਓ. ਰੂਪਨਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੁਲਿਸ ਕੋਲ ਚੱਲ ਰਹੀ ਹੈ | ਜ਼ਿਆਦਾ ਇਸ ਸਬੰਧੀ ਡੀ ਐਫ ਓ ਗੜ੍ਹਸ਼ੰਕਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁੱਖ ਦਫ਼ਤਰ ਵਲੋਂ ਉਕਤ ਜੰਗਲਾਂ ਦੀ ਜਾਂਚ ਦੀ ਡਿਊਟੀ ਲਗਾਈ ਗਈ ਸੀ | ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਟੀਮਾਂ ਨਿਯੁਕਤ ਕਰਕੇ ਉਕਤ ਜੰਗਲਾਂ ਦੀ ਜਾਂਚ ਕੀਤੀ ਗਈ ਸੀ | ਜਿਸ ਦੀ ਸਮੁੱਚੀ ਰਿਪੋਰਟ ਬਣਾ ਕੇ ਮੁੱਖ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ | ਜ਼ਿਆਦਾ ਇਸ ਸਬੰਧੀ ਡੀ. ਐਸ. ਪੀ. (ਆਰ) ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ |