ਪੁਰਖਾਲੀ, 18 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਘਾੜ ਇਲਾਕੇ ਅੰਦਰ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ਕਾਰਨ ਇਲਾਕੇ ਅੰਦਰ ਬਿਜਲੀ ਸੰਕਟ ਛਾ ਗਿਆ ਹੈ | ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ | ਇਸ ਸਬੰਧੀ ਬੀ ਕੇ ਯੂ, (ਮਝੈਲ) ਜ਼ਿਲ੍ਹਾ ਰੋਪੜ ਪਛਾਣ ਅਜੈਬ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਇਲਾਕੇ ਅੰਦਰ ਬਿਜਲੀ ਸਪਲਾਈ 'ਚ ਕੋਈ ਸੁਧਾਰ ਨਾ ਹੋਇਆ ਤਾਂ ਬਿਜਲੀ ਦੇ ਕੱਟਾਂ ਤੋਂ ਸਤਾਏ ਲੋਕ ਐਕਸੀਅਨ ਦਫ਼ਤਰ ਦਾ ਘਿਰਾਓ ਕਰਨਗੇ ਅਤੇ ਦਫ਼ਤਰ ਵਿਖੇ ਧਰਨਾ ਦੇਣਗੇ | ਉਨ੍ਹਾਂ ਕਿਹਾ ਕਿ ਬਿਜਲੀ ਮਹਿਕਮਾ ਕਣਕ ਦੀ ਵਾਢੀ ਕਾਰਨ ਦਿਨ ਵਿਚ ਬਿਜਲੀ ਦੇ ਕੱਟ ਲਗਾ ਰਿਹਾ ਹੈ ਅਤੇ ਇਸੇ ਤਰਾਂ ਰਾਤ ਨੂੰ ਵੀ ਮੋਟਰਾਂ ਤੇ ਘਰਾਂ ਦੇ ਕੱਟ ਲੱਗ ਰਹੇ ਹਨ ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ ਤੇ ਕਿਸਾਨਾਂ ਦੀਆਂ ਫ਼ਸਲਾਂ, ਹਰਾ ਚਾਰਾ, ਤੇ ਸਬਜ਼ੀਆਂ ਆਦਿ ਵੀ ਸੁੱਕ ਰਹੇ ਹਨ | ਇਸ ਨੂੰ ਲੈ ਕੇ ਪੂਰੇ ਇਲਾਕੇ ਵਿਚ ਵਿਭਾਗ ਪ੍ਰਤੀ ਰੋਸ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸਾਨੂੰ ਇਲਾਕਾ ਵਾਸੀਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈਣਾ ਪਵੇਗਾ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਐਸ. ਡੀ. ਓ. ਅਤੇ ਹੋਰ ਅਧਿਕਾਰੀਆਂ ਨਾਲ ਗੱਲ ਕਰਦੇ ਹਨ ਪਰ ਕੋਈ ਢੁਕਵਾਂ ਜਵਾਬ ਨਹੀਂ ਦੇ ਰਹੇ | ਉਨ੍ਹਾਂ ਕਿਹਾ ਕਿ ਵਿਭਾਗ ਨੂੰ ਬਿਜਲੀ ਦੇ ਲੱਗ ਰਹੇ ਕੱਟ ਤੁਰੰਤ ਬੰਦ ਕਰਨੇ ਚਾਹੀਦੇ ਹਨ | ਇਸ ਮੌਕੇ ਨੌਨਿਹਾਲ ਸਿੰਘ ਜਰਨਲ ਸਕੱਤਰ, ਕੁਲਵੰਤ ਸਿੰਘ ਸੈਣੀ ਮੀਡੀਆ ਇੰਚਾਰਜ, ਹਰਜੀਤ ਸਿੰਘ ਭੱਦਲ, ਇਕਬਾਲ ਸਿੰਘ ਸਰਾੜੀ, ਸੇਰ ਸਿੰਘ, ਕਿਸ਼ਨ ਸਿੰਘ ਸਾਬਕਾ ਸਰਪੰਚ, ਦਿਲਬਰ ਸਿੰਘ ਸਲਾਮਤਪੁਰ ਵਾਲੇ, ਅਮਰ ਸਿੰਘ ਪੰਚ, ਸੈਟੀ ਮਾਜਰੀ ਜੱਟਾਂ, ਦੀਦਾਰ ਸਿੰਘ ਫ਼ੌਜੀ, ਕੋਰਾ ਟੱਪਰੀਆਂ ਹਾਜ਼ਰ ਸਨ |