ਸ੍ਰੀ ਚਮਕੌਰ ਸਾਹਿਬ, 21 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਪਿਛਲੀ ਕਾਂਗਰਸ ਸਰਕਾਰ ਮੌਕੇ ਸ੍ਰੀ ਚਮਕੌਰ ਸਾਹਿਬ ਦੇ ਸੁੰਦਰੀਕਰਨ ਪ੍ਰੋਜੈਕਟ ਤਹਿਤ ਕੇਂਦਰ ਸਰਕਾਰ ਦੀ ਪ੍ਰਸ਼ਾਦ ਸਕੀਮ ਤਹਿਤ ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਬੱਸ ਅੱਡੇ ਅਤੇ ਵਿਜ਼ਟਰ ਸੈਂਟਰ ਦੀਆਂ ਤਿਆਰ ਕੀਤੀਆਂ ਸ਼ਾਨਦਾਰ ਇਮਾਰਤਾਂ ਜਿਨ੍ਹਾਂ ਦਾ ਉਦਘਾਟਨ 12 ਮਾਰਚ 2024 ਨੂੰ ਉਦੋਂ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਮੈਡਮ ਅਨਮੋਲ ਗਗਨ ਮਾਨ ਨੇ ਕੀਤਾ ਸੀ | ਪਰ ਦੋ ਵਰ੍ਹੇ ਤੋਂ ਵੀ ਵੱਧ ਸਮਾ ਬੀਤ ਜਾਣ ਦੇ ਬਾਵਜੂਦ ਨਾ ਤਾਂ ਬੱਸ ਅੱਡੇ ਦੀ ਸ਼ੁਰੂਆਤ ਹੋਈ ਤੇ ਨਾ ਹੀ ਵਿਜ਼ੀਟਰ ਸੈਂਟਰ ਨੂੰ ਸ਼ੁਰੂ ਕੀਤਾ ਜਾ ਸਕਿਆ | ਨਵੇਂ ਉਸਾਰੇ ਤਿੰਨ ਮੰਜ਼ਿਲਾਂ ਬੱਸ ਸਟੈਂਡ 'ਚ ਬੱਸ ਅਪਰੇਟਰਾਂ ਅਤੇ ਕੰਡਕਟਰਾਂ ਲਈ ਵਿਸ਼ਰਾਮ ਕਮਰਾ, ਕੈਫੇਟੇਰੀਆ, ਦੁਕਾਨਾਂ, ਲਿਫ਼ਟ ਅਤੇ ਯਾਤਰੀਆਂ ਲਈ ਜਨਤਕ ਪਖਾਨੇ ਬਣਾਏ ਗਏ ਸਨ | ਪਰ ਇਸ ਦਾ ਲਾਭ ਅਜੇ ਹਾਸਲ ਨਹੀਂ ਹੋਇਆ, ਜਦਕਿ ਇਮਾਰਤ ਦੇ ਮੁਕੰਮਲ ਹੋਣ ਤੋਂ ਬਾਅਦ ਉਦਘਾਟਨ ਵੀ ਕੀਤਾ ਜਾ ਚੁੱਕਾ ਹੈ, ਹੁਣ ਪਤਾ ਲੱਗਾ ਹੈ ਕਿ ਪਖਾਨਿਆਂ ਦੀਆਂ ਟੂਟੀਆਂ ਆਦਿ ਵੀ ਉਤਰਨੇ ਸ਼ੁਰੂ ਹੋ ਗਏ ਹਨ ਅਤੇ ਟਾਈਲਾਂ ਵੀ ਡਿਗਣੀਆਂ ਸ਼ੁਰੂ ਹੋ ਗਈਆਂ ਹਨ | ਬੱਸ ਅੱਡੇ ਦੇ ਨਾਲ ਹੀ ਉਸ ਦਿਨ ਵਿਜ਼ੀਟਰ ਸੈਂਟਰ ਦਾ ਵੀ ਉਦਘਾਟਨ ਕੀਤਾ ਗਿਆ | ਇਸ ਇਮਾਰਤ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਜਿਸ ਵਿਚ ਲਿਫ਼ਟ ਦਾ ਬੰਦੋਬਸਤ ਵੀ ਹੈ ਤੇ ਬੰਦ ਇਮਾਰਤ ਵਿਚ ਸੋਲਰ ਸਿਸਟਮ ਵੀ ਲਗਾ ਦਿੱਤਾ ਗਿਆ | ਇਸ ਇਮਾਰਤ ਨੂੰ ਵੀ ਬੱਸ ਅੱਡੇ ਦੀ ਇਮਾਰਤ ਵਾਂਗ ਖੰਡਰ ਹੋਣ ਨੂੰ ਛੱਡ ਦਿੱਤਾ ਗਿਆ | ਭਾਵੇਂ ਬੱਸ ਅੱਡੇ ਦੇ ਬਾਹਰੋਂ ਬੱਸਾਂ ਸਵਾਰੀਆਂ ਚੁੱਕਦੀਆਂ ਹਨ, ਪਰ ਅੱਡੇ ਅੰਦਰ ਜਾਣ ਵਾਲਾ ਗੇਟ ਬੰਦ ਹੈ | ਬੱਸ ਅੱਡੇ ਵਿਚ ਯਾਤਰੀਆਂ ਦੀ ਸਹੂਲਤ ਲਈ ਬਣਾਏ ਪਖਾਨਿਆਂ ਨੂੰ ਜਿੰਦਰੇ ਮੜੇ੍ਹ ਹੋਏ ਹਨ | ਸੈਰ ਸਪਾਟਾ ਵਿਭਾਗ ਦੇ ਅਧਿਕਾਰੀਆਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਇਮਾਰਤਾਂ ਨੂੰ ਨਗਰ ਕੌਂਸਲ ਦੇ ਹਵਾਲੇ ਕਰਨ ਲਈ ਉਨ੍ਹਾਂ ਕਈ ਵਾਰ ਜ਼ਿਲੇ੍ਹ ਦੇ ਉੱਚ ਅਧਿਕਾਰੀਆਂ ਨੂੰ ਅਪੀਲਾਂ ਕੀਤੀਆਂ ਹਨ, ਪਰ ਨਗਰ ਕੌਸ਼ਲ ਨੇ ਅਜੇ ਤੱਕ ਇਹ ਇਮਾਰਤਾਂ ਆਪਣੇ ਅਧੀਨ ਨਹੀਂ ਲਈਆਂ |