ਸ੍ਰੀ ਚਮਕੌਰ ਸਾਹਿਬ, 22 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਦੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸ੍ਰੀਮਤੀ ਕਿਰਨਜੋਤ ਕੌਰ ਨੇ ਦੱਸਿਆ ਕਿ ਹਰਬੰਸ ਸਿੰਘ ਕੰਦੋਲਾ ਦੀ ਅਗਵਾਈ ਵਿਚ ਚੱਲ ਰਹੇ ਇਸ ਸਕੂਲ ਦੇ ਬੱਚਿਆਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡ ਕੇ ਉਨ੍ਹਾਂ ਦੇ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ | ਬੱਚਿਆਂ ਵਿਚ ਦਸਤਾਰ ਸਜਾਉਣ ਸਬੰਧੀ ਰੁਚੀ ਵਧਾਉਣ ਲਈ ਕਰਵਾਏ ਇਨ੍ਹਾਂ ਮੁਕਾਬਲਿਆਂ ਦੇ ਪੰਜਵੀਂ ਤੋਂ ਅੱਠਵੀਂ ਦੇ ਵਰਗ ਵਿਚ ਗੁਰਜੋਤ ਸਿੰਘ, ਨੌਵੀਂ ਅਤੇ ਦਸਵੀਂ ਦੇ ਵਰਗ ਵਿਚ ਇੰਦਰਪ੍ਰੀਤ ਸਿੰਘ, ਗਿਆਰ੍ਹਵੀਂ ਅਤੇ 12ਵੀਂ ਦੇ ਵਰਗ ਵਿਚ ਗੁਰ ਇਕਬਾਲ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ | ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਅਤੇ ਸਟਾਫ਼ ਵਲੋਂ ਇਨਾਮ ਤਕਸੀਮ ਕੀਤੇ ਗਏ | ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਵੀ ਉਤਸ਼ਾਹਿਤ ਕਰਦਿਆਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਦਸਤਾਰ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ |