ਕੀਰਤਨ ਦਰਬਾਰ ਮੌਕੇ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਕਰਨਗੇ ਨਿਹਾਲ-ਡੀ. ਸੀ.
25-04-2026
ਰੂਪਨਗਰ, 24 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ 26 ਅਪ੍ਰੈਲ ਨੂੰ ਸ਼ਾਮ 5 ਵਜੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਕੀਰਤਨ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਮਹੱਤਵਪੂਰਨ ਸਮਾਗਮ ਦਾ ਉਦੇਸ਼ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਮਾਨਤਾ, ਭਾਈਚਾਰੇ ਤੇ ਮਨੁੱਖਤਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ | ਇਸ ਸੰਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਸ਼ਾਮ 5 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਆਰੰਭ ਹੋਵੇਗਾ, ਉਪਰੰਤ ਪ੍ਰਸਿੱਧ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਭਾਈ ਗੁਰਮੀਤ ਸਿੰਘ ਵਲੋਂ ਕਥਾ ਵਿਚਾਰ ਨਾਲ ਹੋਵੇਗੀ, ਜੋ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਗੂੜ੍ਹੇ ਅਰਥ ਸਮਝਾਉਣਗੇ ਤੇ ਆਤਮਕ ਜੀਵਨ ਬਾਰੇ ਪ੍ਰੇਰਿਤ ਕਰਨਗੇ | ਇਸ ਤੋਂ ਬਾਅਦ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਵਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ, ਇਸ ਤੋਂ ਬਾਅਦ ਭਾਈ ਦਵਿੰਦਰ ਸਿੰਘ ਸੋਢੀ ਰਾਗੀ (ਲੁਧਿਆਣੇ ਵਾਲੇ) ਵਲੋਂ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ | ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ | ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਮਾਗਮ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ | ਸੰਗਤਾਂ ਦੀ ਸਹੂਲਤ ਲਈ ਵਧੀਆ ਪ੍ਰਬੰਧ ਤੇ ਸੁਰੱਖਿਆ ਦੇ ਯੋਗ ਇੰਤਜ਼ਾਮ ਕੀਤੇ ਗਏ ਹਨ ਤੇ ਸਮਾਗਮ ਦੌਰਾਨ ਸੁਚੱਜੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਭਾਗਾਂ ਦੀ ਡਿਊਟੀ ਵੀ ਲਗਾਈ ਗਈ ਹੈ |