ਸ੍ਰੀ ਅਨੰਦਪੁਰ ਸਾਹਿਬ, 27 ਅਪ੍ਰੈਲ (ਪੱਤਰ ਪ੍ਰੇਰਕ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਦੁੱਧ ਨਾਲ ਸੰਬੰਧਿਤ ਵੇਰਕਾ ਵਲੋਂ ਬੀਤੇ ਕੁੱਝ ਦਿਨਾਂ ਤੋਂ ਦੁੱਧ ਦੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਮੰਦਭਾਗੀ ਗੱਲ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਬੀਤੇ ਕਈ ਦਿਨਾਂ ਤੋਂ ਦੁੱਧ ਦੀ ਸਪਲਾਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੇਰੀ ਨਾਲ ਪਹੁੰਚ ਰਹੀ ਹੈ | ਜਿਸ ਕਾਰਨ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 24 ਘੰਟੇ ਲੰਗਰ ਚੱਲਦਾ ਹੈ | ਜਿੱਥੇ ਬੀਤੇ ਲੰਬੇ ਸਮੇਂ ਤੋਂ ਦੁੱਧ ਦੀ ਸਪਲਾਈ ਵੇਰਕਾ ਕੰਪਨੀ ਵਲੋਂ ਸਮੇਂ ਸਿਰ ਕੀਤੀ ਜਾ ਰਹੀ ਸੀ | ਪਰੰਤੂ ਕੁੱਝ ਦਿਨਾਂ ਤੋਂ ਸਪਲਾਈ ਵਿਚ ਦੇਰੀ ਹੋ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਵੇਰਕਾ ਕੰਪਨੀ ਦੇ ਪ੍ਰਬੰਧਕ ਇਸ ਹੋ ਰਹੀ ਦੇਰੀ ਦੀ ਜਾਂਚ ਕਰਨ ਅਤੇ ਦੁੱਧ ਦੀ ਸਪਲਾਈ ਨੂੰ ਸਮੇਂ ਸਿਰ ਬਹਾਲੀ ਲਈ ਢੁੱਕਵੇ ਯਤਨ ਕੀਤੇ ਜਾਣ |