ਨੰਗਲ, 27 ਅਪ੍ਰੈਲ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਿਤੀ 31 ਅਗਸਤ 2025 ਤੋਂ ਬੰਦ ਹੋਇਆ ਨੰਗਲ- ਭਾਖੜਾ ਮਾਰਗ 25 ਅਪ੍ਰੈਲ 2026 ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ | ਚੇਤੇ ਰਹੇ ਕਿ ਮੋਹਲੇਧਾਰ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਇਹ ਸੜਕ ਬੁਰੀ ਤਰ੍ਹਾ ਟੁੱਟ ਗਈ ਸੀ ਅਤੇ ਵੱਡੇ ਪੱਥਰਾਂ ਅਤੇ ਮਲਬੇ ਨੂੰ ਹਟਾਉਣਾ ਵੱਡੀ ਚੁਣੌਤੀ ਸੀ | ਪਿੰਡ ਕਾਲਾ ਕੁੰਡ (ਭਾਖੜਾ ਡੈਮ) ਲਾਗਿਓਾ ਸੜਕ ਨੂੰ ਸਾਫ ਕਰਨਾ ਬਹੁਤ ਹੀ ਟੇਡਾ ਕਾਰਜ ਸੀ, ਕਿਉਂਕਿ ਬਹੁਤ ਵੱਡੇ ਅਕਾਰ ਦੇ ਪਹਾੜੀ ਪੱਥਰ ਰੋਡ 'ਤੇ ਆ ਗਏ ਸਨ | ਇਰਾਨ-ਅਮਰੀਕਾ ਯੁੱਧ ਕਾਰਨ ਸੀਮਿੰਟ ਅਤੇ ਹੋਰ ਸਾਧਨਾਂ ਦੀ ਸਮੱਸਿਆ ਦੇ ਬਾਵਜੂਦ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਸੀ.ਪੀ. ਸਿੰਘ ਅਤੇ ਕਾਰਜਕਾਰੀ ਇੰਜੀਨੀਅਰ ਪਾਰਸ ਨਈਅਰ ਨੇ ਯਤਨ ਜਾਰੀ ਰੱਖੇ ਅਤੇ ਇਹ ਜੋਖ਼ਮ ਵਾਲਾ ਕਾਰਜ ਨੇਪਰੇ ਚਾੜਿ੍ਹ ਆ | ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ, ਸਮਾਜ ਸੇਵੀ ਧਿਆਨੂੰ ਠਾਕੁਰ ਨੇ ਦੱਸਿਆ ਕਿ ਲੰਘੇ ਅੱਠ ਮਹੀਨਿਆ ਨੂੰ ਲੋਕਾਂ ਨੇ ਸੰਤਾਪ ਵਾਂਗ ਹੰਢਾਇਆ, ਕਿਉਂਕਿ ਭਾਖੜਾ ਡੈਮ ਤੋਂ ਲੰਘਣ ਸਮੇਂ ਸੀ.ਆਈ.ਐਸ.ਐਫ. ਸੁਰੱਖਿਆ ਜਾਂਚ ਦੇ ਨਾਂਅ 'ਤੇ ਬਹੁਤ ਹੀ ਬੇਹੂਦਾ ਸਵਾਲ ਪੁੱਛਦੀ ਸੀ | ਹੋਰ ਤਾਂ ਹੋਰ ਭਾਖੜਾ ਡੈਮ ਲਾਗੇ ਰਹਿੰਦੇ ਰਿਸ਼ਤੇਦਾਰਾਂ ਦੇ ਆਧਾਰ ਕਾਰਡ ਵੀ ਵਟਸਐਪ 'ਤੇ ਮੰਗਵਾਅ ਕੇ ਦਿਖਾਉਣੇ ਪੈਂਦੇ ਸਨ | ਭਾਖੜਾ ਡੈਮ ਵਿਖੇ ਮੱਛੀ ਦਾ ਕਾਰੋਬਾਰ ਕਰਨ ਵਾਲੇ ਦਿਨੇਸ਼ ਕਟਵਾਲ ਨੇ ਦੱਸਿਆ ਕਿ ਰੋਡ ਬੰਦ ਰਹਿਣ ਕਾਰਨ ਸੀਜ਼ਨ 'ਚ ਕਾਰੋਬਾਰ ਠੱਪ ਹੀ ਰਿਹਾ |