ਨੰਗਲ, 2 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਆਦਰਸ਼ ਬਾਲ ਵਿਦਿਆਲਿਆ 'ਚ 'ਪਲਾਸਟਿਕ ਮੁਕਤ ਨੰਗਲ' ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ. ਗੁਲਜੀਤ ਸਿੰਘ ਚੱਠਾ ਨੇ 50362 ਵਰਗ ਕਿ.ਮੀ. 'ਚ ਫੈਲੇ ਪੰਜਾਬ ਤੇ 55673 ਵਰਗ ਕਿ.ਮੀ. 'ਚ ਫੈਲੇ ਹਿਮਾਚਲ 'ਚ ਵੱਧ ਰਹੇ ਪਲਾਸਟਿਕ ਕਚਰੇ ਬਾਰੇ ਚਰਚਾ ਕੀਤੀ | ਉਨ੍ਹਾਂ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਤੇ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦੀ ਖ਼ਾਸ ਚਰਚਾ ਕੀਤੀ ਜਿੱਥੇ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਪਰਵਾਸੀ ਪੰਛੀਆਂ ਦੀ ਆਮਦ 'ਚ ਰਿਕਾਰਡ ਕਮੀ ਆਈ ਹੈ | ਚੇਅਰਮੈਨ ਆਈ.ਐਮ.ਏ. ਡਾ. ਅਸ਼ੌਕ ਸ਼ਰਮਾ ਨੇ ਪਲਾਸਟਿਕ ਟਿਫ਼ਨ ਬਾਰੇ ਚਰਚਾ ਕੀਤੀ ਜੋ ਭੋਜਨ ਲਈ ਠੀਕ ਨਹੀਂ | ਡਾ. ਸ਼ਰਮਾ ਨੇ ਥੈਲੇ ਲੈ ਕੇ ਬਾਜ਼ਾਰ ਜਾਣ ਦੇ ਲਾਭ ਵੀ ਦੱਸੇ | ਸਮਾਗਮ 'ਚ ਹੋਣਹਾਰ ਵਿਦਿਆਰਥੀਆਂ ਹਰਨੂਰ, ਅੰਸ਼ੀਕਾ, ਨੈਨਾ, ਸੁਨੈਨਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਪੂਜਾ ਸ਼ਰਮਾ ਮੈਡਮ ਮੀਨਾ, ਮੈਡਮ ਲਲੀਤਾ, ਮੈਡਮ ਸਵੀਤਾ, ਮੈਡਮ ਸੁਖਵਿੰਦਰ ਆਦਿ ਹਾਜ਼ਰ ਸਨ |