ਨੂਰਪੁਰ ਬੇਦੀ, 2 ਮਈ (ਵਿੰਦਰਪਾਲ ਝਾਂਡੀਆਂ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਦੀ ਵਿਖੇ ਐਸ.ਐਮ.ਸੀ. ਦੀ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਐਸ.ਐਮ.ਸੀ. ਦੇ ਚੇਅਰਮੈਨ ਲਖਵਿੰਦਰ ਪਾਲ, ਮਾਸਟਰ ਜਗਨ ਨਾਥ ਭੰਡਾਰੀ, ਮਾਸਟਰ ਰਾਮ ਸਿੰਘ ਸਮੇਤ ਐਸ.ਐਮ.ਸੀ. ਦੇ ਮੈਂਬਰਾਨ ਸ਼ਾਮਲ ਹੋਏ | ਸਕੂਲ ਇੰਚਾਰਜ ਬਲਜਿੰਦਰ ਰੀਹਲ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਨੇ ਇਸ ਸਾਲ ਤੋਂ ਗਿਆਰ੍ਹਵੀਂ ਕਲਾਸ ਆਰਟਸ ਗਰੁੱਪ 'ਚ ਲੜਕੀਆਂ ਦਾ ਦਾਖਲਾ ਸ਼ੁਰੂ ਕਰ ਦਿੱਤਾ ਹੈ ਜਦ ਕਿ ਸਰਕਾਰ ਦੁਆਰਾ ਗਿਆਰ੍ਹਵੀਂ ਕਲਾਸ ਦਾ ਆਰਟਸ ਗਰੁੱਪ ਕੰਨਿਆ ਸਕੂਲ ਨੂਰਪੁਰ ਬੇਦੀ ਨੂੰ ਅਲਾਟ ਕੀਤਾ ਗਿਆ ਹੈ ਪਰ ਨੂਰਪੁਰ ਬੇਦੀ ਦੇ ਲੜਕੇ ਸਕੂਲ ਵਲੋਂ ਇਸ ਸਾਲ ਤੋਂ ਗਿਆਰ੍ਹਵੀਂ ਕਲਾਸ ਆਰਟਸ ਗਰੁੱਪ ਵਿਚ ਲੜਕੀਆਂ ਦਾ ਦਾਖਲਾ ਸ਼ੁਰੂ ਕੀਤਾ ਹੈ ਜਿਹੜਾ ਕਿ ਬਿਲਕੁਲ ਹੀ ਗ਼ਲਤ ਹੈ ਜਿਸ ਦਾ ਸਿੱਧਾ ਪ੍ਰਭਾਵ ਕੰਨਿਆ ਸਕੂਲ ਨੂਰਪੁਰ ਬੇਦੀ ਦੇ ਗਿਆਰ੍ਹਵੀਂ ਕਲਾਸ ਦੇ ਦਾਖ਼ਲੇ 'ਤੇ ਪੈ ਰਿਹਾ ਹੈ | ਜਦੋਂ ਮੀਟਿੰਗ 'ਚ ਇਸ ਸਬੰਧ ਵਿਚ ਐਸ.ਐਮ.ਸੀ. ਚੇਅਰਮੈਨ ਲਖਵਿੰਦਰ ਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਇਹ ਬਿਲਕੁਲ ਹੀ ਗ਼ਲਤ ਹੈ, ਅਜਿਹਾ ਨਹੀਂ ਹੋਣਾ ਚਾਹੀਦਾ ਜਦ ਕਿ ਸਰਕਾਰ ਨੇ ਲੜਕੀਆਂ ਦਾ ਆਰਟਸ ਗਰੁੱਪ ਕੰਨਿਆ ਸਕੂਲ ਨੂਰਪੁਰ ਬੇਦੀ ਨੂੰ ਦਿੱਤਾ ਹੈ ਤਾਂ ਲੜਕੀਆਂ ਦਾ ਦਾਖਲਾ ਕੰਨਿਆ ਸਕੂਲ 'ਚ ਹੀ ਹੋਣਾ ਚਾਹੀਦਾ ਹੈ | ਉਨਾਂ ਦੱਸਿਆ ਕਿ ਇਸ ਸਬੰਧੀ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਪ੍ਰੇਮ ਕੁਮਾਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦਰਜੀਤ ਸਿੰਘ ਨੂੰ ਇਹ ਮਸਲਾ ਦੱਸਿਆ ਗਿਆ ਤਾਂ ਉਨ੍ਹਾਂ ਨੇ ਇਹ ਭਰੋਸਾ ਦਿਵਾਇਆ ਕਿ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕਰ ਦਿੱਤਾ ਜਾਵੇਗਾ |