ਨੂਰਪੁਰ ਬੇਦੀ, 2 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਜੈ ਮਾਂ ਜਗਦੰਬੇ ਕਲੱਬ ਬੱਸ ਸਟੈਂਡ ਨੂਰਪੁਰ ਬੇਦੀ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸਤੀਸ਼ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਬੀਤੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 33ਵਾਂ ਵਿਸ਼ਾਲ ਜਾਗਰਣ ਤੇ ਭੰਡਾਰਾ ਪੂਰੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਜਾਵੇਗਾ | ਇਸ ਮੌਕੇ ਜਾਗਰਣ ਦਾ ਪੋਸਟਰ ਵੀ ਜਾਰੀ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ 19 ਮਈ ਦਿਨ ਮੰਗਲਵਾਰ ਨੂੰ ਬੱਸ ਸਟੈਂਡ ਨੂਰਪੁਰ ਬੇਦੀ ਵਿਖੇ ਜਾਗਰਣ ਤੇ ਭੰਡਾਰਾ ਕਰਵਾਇਆ ਜਾਵੇਗਾ | ਪਵਿੱਤਰ ਜੋਤ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾ ਦੇਵੀ ਦਰਬਾਰ ਤੋਂ ਵਿਸ਼ੇਸ਼ ਤੌਰ 'ਤੇ ਲਿਆਂਦੀ ਜਾਵੇਗੀ | ਇਸ ਤੋਂ ਪਹਿਲਾਂ 17 ਮਈ ਨੂੰ ਸ਼ਾਮ 4 ਵਜੇ ਸ਼ਿਵ ਮੰਦਰ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਗੁਜ਼ਰਦੀ ਹੋਈ ਮੁੜ ਸ਼ਿਵ ਮੰਦਰ ਵਿਖੇ ਸਮਾਪਤ ਹੋਵੇਗੀ | ਕਲੱਬ ਪ੍ਰਬੰਧਕਾਂ ਨੇ ਹੋਰ ਦੱਸਿਆ ਕਿ 19 ਮਈ ਦੀ ਰਾਤ ਹੋਣ ਵਾਲੇ ਜਾਗਰਣ ਦੌਰਾਨ ਪ੍ਰਸਿੱਧ ਟੀ.ਵੀ. ਕਲਾਕਾਰ ਹਰਸ਼ ਸਿਕੰਦਰ ਤੇ ਅਜੇ ਮਾਹੀ (ਹਿਮਾਚਲ ਪ੍ਰਦੇਸ਼) ਵਲੋਂ ਮਹਾਂਮਾਈ ਦਾ ਗੁਣਗਾਨ ਕੀਤਾ ਜਾਵੇਗਾ |