ਨੂਰਪੁਰ ਬੇਦੀ, 2 ਮਈ (ਰਾਜੇਸ਼ ਚੌਧਰੀ ਤਖਤਗੜ੍ਹ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਂਗੜ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦੇ ਦਿਸ਼ਾ-ਨਿਰਦੇਸ਼ਾਂ ਹੇਠ 'ਬਿਜ਼ਨਸ ਬਲਾਸਟਰ ਮੇਲਾ ਕਰਵਾਇਆ ਗਿਆ | ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਉਦਯਮੀ ਹੁਨਰ ਵਿਕਸਿਤ ਕਰਨਾ ਅਤੇ ਉਨ੍ਹਾਂ ਨੂੰ ਸਵੈ ਰੋਜ਼ਗਾਰ ਵੱਲ ਪ੍ਰੇਰਿਤ ਕਰਨਾ ਸੀ | ਮੇਲੇ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰਕਾਰ ਦੇ ਸਟਾਲ ਲਗਾਏ ਗਏ, ਜਿਨ੍ਹਾਂ ਵਿਚ ਖਾਣ-ਪੀਣ ਦੇ ਪਦਾਰਥਾਂ ਤੋਂ ਲੈ ਕੇ ਹੱਥੋਂ ਬਣੀਆਂ ਵਸਤੂਆਂ ਅਤੇ ਨਵੀਂ ਸੋਚ ਤੇ ਆਧਾਰਿਤ ਪ੍ਰੋਜੈਕਟ ਸ਼ਾਮਿਲ ਸਨ | ਸਕੂਲ ਦੇ ਪਿ੍ੰਸੀਪਲ ਪਾਖਰ ਸਿੰਘ ਅਤੇ ਬਿਜ਼ਨਸ ਬਲਾਸਟਰ ਇੰਚਾਰਜ ਅਰਪਨ ਕੁਮਾਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਤੋਂ ਇਲਾਵਾ ਵਿਵਹਾਰਿਕ ਗਿਆਨ ਪ੍ਰਦਾਨ ਕਰਦਾ ਹੈ | ਉਨ੍ਹਾਂ ਕਿਹਾ ਕਿ ਬਿਜ਼ਨਸ ਬਲਾਸਟਰ ਜਿਹੇ ਉਪਰਾਲਿਆਂ ਰਾਹੀਂ ਵਿਦਿਆਰਥੀ ਭਵਿੱਖ ਵਿਚ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਤਿਆਰ ਹੋ ਸਕਦੇ ਹਨ ਅਤੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾ ਸਕਦੇ ਹਨ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |