ਨੂਰਪੁਰ ਬੇਦੀ, 9 ਮਈ (ਹਰਦੀਪ ਸਿੰਘ ਢੀਂਡਸਾ)- ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਿਖੇ ਵਿਸ਼ਵ ਮਾਂ ਦਿਵਸ ਬੜੇ ਹੀ ਉਤਸ਼ਾਹ, ਖ਼ੁਸ਼ੀ ਤੇ ਭਾਵੁਕ ਮਾਹੌਲ ਵਿਚ ਮਨਾਇਆ ਗਿਆ | ਇਸ ਮੌਕੇ ਸਕੂਲ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਨਰਸਰੀ ਕਲਾਸ ਦੇ ਨੰਨ੍ਹੇ-ਮੂੰਨੇ ਵਿਦਿਆਰਥੀਆਂ ਦੀਆਂ ਮਾਵਾਂ ਨੇ ਆਪਣੇ ਬੱਚਿਆਂ ਨਾਲ ਭਰਪੂਰ ਸ਼ਮੂਲੀਅਤ ਕਰਦੇ ਹੋਏ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ | ਸਮਾਗਮ ਦਾ ਮੁੱਖ ਉਦੇਸ਼ ਮਾਵਾਂ ਦੇ ਨਿਸ਼ਕਾਮ ਪਿਆਰ, ਮਮਤਾ ਤੇ ਅਨਮੋਲ ਯੋਗਦਾਨ ਨੂੰ ਸਨਮਾਨ ਦੇਣਾ ਸੀ | ਸਮਾਗਮ ਦੀ ਸ਼ੁਰੂਆਤ ਸਕੂਲ ਚੇਅਰਮੈਨ ਅਮਿਤ ਚੱਢਾ, ਪ੍ਰਬੰਧਕੀ ਨਿਰਦੇਸ਼ਕ ਕੇਸ਼ਵ ਕੁਮਾਰ, ਅਮਨ ਕੁਮਾਰ ਚੱਢਾ, ਸਕੂਲ ਪਿ੍ੰਸੀਪਲ ਦੀਪਿਕਾ ਪੁਰੀ ਤੇ ਮੈਡਮ ਅਨੂੰ ਕੌਸ਼ਲ ਵਲੋਂ ਸਾਂਝੇ ਤੌਰ 'ਤੇ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ | ਇਸ ਮੌਕੇ ਮਾਂ ਦੀ ਮਹਾਨਤਾ ਨੂੰ ਦਰਸਾਉਂਦੀਆਂ ਕਵਿਤਾਵਾਂ, ਗੀਤ ਤੇ ਭਾਵਪੂਰਣ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਰਮਨ ਕੌਰ ਨੇ 'ਸੁਪਰ ਮਦਰ' ਦਾ ਖ਼ਿਤਾਬ ਆਪਣੇ ਨਾਮ ਕੀਤਾ, ਜਿਨ੍ਹਾਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਚੇਅਰਮੈਨ ਅਮਿਤ ਚੱਢਾ ਨੇ ਕਿਹਾ ਕਿ ਮਾਂ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ ਤੇ ਉਸ ਦੇ ਸੰਸਕਾਰ ਹੀ ਬੱਚੇ ਦੇ ਚੰਗੇ ਭਵਿੱਖ ਦੀ ਮਜ਼ਬੂਤ ਨੀਂਹ ਰੱਖਦੇ ਹਨ | ਪਿ੍ੰਸੀਪਲ ਦੀਪਿਕਾ ਪੁਰੀ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਮਾਪਿਆਂ ਦੇ ਸਤਿਕਾਰ, ਪਰਿਵਾਰਕ ਰਿਸ਼ਤਿਆਂ ਦੀ ਮਹੱਤਤਾ ਤੇ ਸਮਾਜਿਕ ਮੁੱਲਾਂ ਨਾਲ ਜੋੜਨ 'ਚ ਅਹਿਮ ਯੋਗਦਾਨ ਪਾਉਂਦੇ ਹਨ |