ਨੰਗਲ, 9 ਮਈ (ਪ੍ਰੀਤਮ ਸਿੰਘ ਬਰਾਰੀ)- ਮਹਾਰਾਣਾ ਪ੍ਰਤਾਪ ਜਯੰਤੀ ਮੌਕੇ ਅੱਜ ਰੇਲਵੇ ਰੋਡ ਵਿਖੇ ਰਾਜੇਸ਼ ਰਾਣਾ ਤੇ ਉਹਨਾਂ ਦੇ ਸਾਥੀਆਂ ਵਲੋਂ ਇੱਕ ਵਿਸ਼ੇਸ਼ ਸਮਾਗਮ ਉਲੀਕਿਆ ਗਿਆ ਜਿਸ ਵਿਚ ਜਿੱਥੇ ਮਹਾਰਾਣਾ ਪ੍ਰਤਾਪ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਉੱਥੇ ਹੀ ਮਾਨਵਤਾ ਦੀ ਸੇਵਾ ਕਰਦਿਆਂ ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਵੀ ਕੀਤੀ ਗਈ | ਇਸ ਮੌਕੇ ਪ੍ਰਬੰਧਕਾਂ ਵਲੋਂ ਜਨਤਾ ਲਈ ਛਬੀਲ ਅਤੇ ਭੰਡਾਰੇ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਸੀ | ਨੈਵਰ ਗਿਵ ਅਪ ਸੰਸਥਾ ਦੇ ਬੈਨਰ ਹੇਠ ਕੀਤੇ ਗਏ ਇਸ ਉਪਰਾਲੇ ਬਾਰੇ ਜਾਣਕਾਰੀ ਦਿੰਦਿਆਂ ਰਾਜੇਸ਼ ਰਾਣਾ ਤੇ ਬਬਲੂ ਨੇ ਦੱਸਿਆ ਕਿ ਉਹਨਾਂ ਦਾ ਮੁੱਖ ਮਕਸਦ ਮਹਾਰਾਣਾ ਪ੍ਰਤਾਪ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਪੜ੍ਹਾਈ ਵਿਚ ਮਦਦ ਕਰਨਾ ਤੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ | ਪਿੰਡ ਨਿੱਕੂ ਨੰਗਲ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੇ ਗਏ ਇਸ ਸਮਾਗਮ ਦੌਰਾਨ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਸੰਸਥਾ ਸਿਰਫ਼ ਅੱਜ ਹੀ ਨਹੀਂ, ਸਗੋਂ ਹਰ ਵੇਲੇ ਮੈਡੀਕਲ ਸਹਾਇਤਾ ਤੇ ਬੱਚਿਆਂ ਦੀ ਸਿੱਖਿਆ ਲਈ ਮਦਦ ਕਰਨ ਲਈ ਤਿਆਰ ਹੈ |