ਨੂਰਪੁਰ ਬੇਦੀ, 9 ਮਈ (ਹਰਦੀਪ ਸਿੰਘ ਢੀਂਡਸਾ)- ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਅਕਾਲੀ ਆਗੂਆਂ ਵਲੋਂ ਪੰਜਾਬ ਸਰਕਾਰ ਤੋਂ ਕਣਕ ਦੀਆਂ ਅਨਾਜ ਮੰਡੀਆਂ ਨੂੰ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ | ਇਸ ਸਬੰਧ ਵਿਚ ਅੱਜ ਇੱਥੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਜਰਨੈਲ ਸਿੰਘ ਔਲਖ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਨਾਜ ਮੰਡੀਆਂ ਨੂੰ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ ਹੈ ਜਿਸ ਕਰਕੇ ਨੂਰਪੁਰ ਬੇਦੀ ਵਰਗੇ ਕੰਢੀ ਖ਼ਿੱਤੇ ਦੇ ਅਨੇਕਾਂ ਕਿਸਾਨਾਂ ਦੀ ਫ਼ਸਲ ਮੰਡੀ ਜਾਣ ਤੋਂ ਵਾਂਝੀ ਰਹਿ ਗਈ ਹੈ | ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੇ ਕਿਸਾਨਾਂ ਦੀਆਂ ਫ਼ਸਲਾਂ ਪਾਪੂਲਰ ਦੀ ਖੇਤੀ ਹੋਣ ਕਾਰਨ ਲੇਟ ਪੱਕਦੀਆਂ ਹਨ ਉਨ੍ਹਾਂ ਕਿਹਾ ਕਿ ਹਾਲੇ ਵੀ ਕਿਸਾਨਾਂ ਦੀਆਂ ਫ਼ਸਲਾਂ ਖੇਤਾਂ ਵਿਚ ਕੱਢੀਆਂ ਜਾ ਰਹੀਆਂ ਹਨ ਜਦ ਕਿ ਸਰਕਾਰ ਵਲੋਂ ਅਨਾਜ ਮੰਡੀ ਨੂੰ ਬੰਦ ਕਰ ਦਿੱਤਾ ਗਿਆ ਹੈ, ਜੋ ਕਿ ਕਿਸਾਨਾਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਮੰਗ ਕੀਤੀ ਕਿ ਅਨਾਜ ਮੰਡੀਆਂ ਨੂੰ ਕਣਕ ਦੀ ਖ਼ਰੀਦ ਤੱਕ ਖੁੱਲ੍ਹਾ ਰੱਖਿਆ ਜਾਵੇ | ਇਸ ਮੌਕੇ ਉਨ੍ਹਾਂ ਨਾਲ ਭਾਰਤ ਭੂਸ਼ਣ ਹੈਪੀ ਸਾਬਕਾ ਸਰਪੰਚ ਆਜ਼ਮਪੁਰ, ਸਰਕਲ ਪ੍ਰਧਾਨ ਕੁਲਵੀਰ ਸਿੰਘ ਅਸਮਾਨਪੁਰ, ਹਰਜਿੰਦਰ ਸਿੰਘ ਭਾਉਵਾਲ, ਪਰਮਿੰਦਰ ਸਿੰਘ ਕਿਸਾਨ ਆਗੂ, ਹੁਸਨ ਚੰਦ ਮਠਾਣ ਅਤੇ ਹੋਰ ਆਗੂ ਵੀ ਹਾਜ਼ਰ ਸਨ |