ਸ੍ਰੀ ਚਮਕੌਰ ਸਾਹਿਬ, 9 ਮਈ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀ 'ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮ ਲੈਂਡ ਪਬਲਿਕ ਸਕੂਲ' ਦੀ ਪ੍ਰਬੰਧਕੀ ਕਮੇਟੀ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਵੱਲੋਂ ਸੰਸਥਾਵਾਂ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਉੱਘੇ ਫ਼ਿਲਮੀ ਕਲਾਕਾਰ ਤੇ ਪ੍ਰਬੰਧਕੀ ਕਮੇਟੀ ਮੈਂਬਰ ਮਲਕੀਤ ਸਿੰਘ ਰੌਣੀ ਨੇ ਇਨਾਂ ਸਵਾਰਥ-ਰਹਿਤ ਸਿੱਖਿਆ-ਸੰਸਥਾਵਾਂ ਦੀ ਸਥਾਪਨਾ ਦੇ ਪਿੱਛੇ ਕੰਮ ਕਰਦੀ ਮਾਨਵੀ-ਪਹੁੰਚ ਅਤੇ ਸੰਘਰਸ਼ ਦੀ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਮੇਜ਼ਬਾਨ ਸੰਸਥਾ ਦੇ ਪੜ ਚੁੱਕੇ ਵਿਦਿਆਰਥੀ ਡਾ: ਗੁਰਲਾਲ ਸਿੰਘ ਤੇ ਉਨਾਂ ਦੀ ਹਮਸਫ਼ਰ ਅਸਿਸਟੈਂਟ ਪ੍ਰੋਫੈਸਰ ਗਗਨਦੀਪ ਕੌਰ (ਬੇਲਾ ਕਾਲਜ) ਨੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਹਾਲ ਹੀ ਵਿਚ ਡਰੀਮ ਲੈਂਡ ਪਬਲਿਕ ਸਕੂਲ ਦੀ +1 ਕਲਾਸ ਵਿਚ ਦਾਖਲ ਹੋਏ ਉੱਤਮ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ | ਉਨਾਂ ਆਪਣੇ ਸੰਖੇਪ ਸ਼ਬਦਾਂ ਵਿਚ ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕੀਤਾ | ਇਸ ਮੌਕੇ +1 ਕਲਾਸ ਵਿਚ 98.08 ਫ਼ੀਸਦੀ ਪ੍ਰਾਪਤੀ ਵਾਲੀ ਕਵਲਪ੍ਰੀਤ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਇਸ ਵਿਦਿਆਰਥਣ ਨੂੰ 50 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਦੇਣ ਤੇ ਉਚੇਰੀ ਸਿੱਖਿਆ ਵਿਚ ਹਰ ਸੰਭਵ ਸਹਾਇਤਾ ਕਰਨ ਦਾ ਐਲਾਨ ਕੀਤਾ | ਉਨਾਂ ਸਹਿਯੋਗ ਬਦਲੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਸਟਾਫ਼ ਮੈਂਬਰਾਂ ਤੇ ਸੰਸਥਾਵਾਂ ਦੀ ਵਿੱਤੀ ਸਹਾਇਤਾ ਬਦਲੇ ਦੇਸ਼ ਵਿਦੇਸ਼ ਦੇ ਸਮਰੱਥ ਦਾਨੀਆਂ ਦਾ ਧੰਨਵਾਦ ਕੀਤਾ | ਸਨਮਾਨਿਤ ਹੋਣ ਵਾਲੇ ਹੋਰ ਵਿਦਿਆਰਥੀਆਂ ਵਿਚ ਕੰਵਲਦੀਪ ਕੌਰ 91.08, ਬਿਕ੍ਰਮਜੀਤ ਸਿੰਘ 88.06, ਸਹਿਜਪ੍ਰੀਤ ਕੌਰ 88.02 ਅਤੇ ਜੈਸਮੀਨ ਕੌਰ 88 ਫ਼ੀਸਦੀ ਸ਼ਾਮਲ ਸਨ | ਪ੍ਰਬੰਧਕੀ ਕਮੇਟੀ ਮੈਂਬਰ ਗੁਰਪ੍ਰੀਤ ਭੰਗੂ, ਸੰਸਥਾਵਾਂ ਦੀ ਨਿਰਦੇਸ਼ਕਾਂ ਅਮਨਦੀਪ ਕੌਰ, ਪਿੰ੍ਰਸੀਪਲ ਕਰਨਜੋਤ ਕੌਰ, ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਹਰਵੀਰ ਨਾਨਕ, ਪ੍ਰਾਇਮਰੀ ਵਿੰਗ ਇੰਚਾਰਜ ਬੇਅੰਤ ਕੌਰ, ਬਾਇਓ ਲੈਕਚਰਾਰ ਬੇਅੰਤ ਕੌਰ ਨੇ ਪ੍ਰਬੰਧਕੀ ਕਮੇਟੀ ਦੀ ਮਾਨਵੀ ਪਹੁੰਚ 'ਤੇ ਮਾਣ ਕੀਤਾ | ਇਸ ਸਮੇਂ ਬਰਿੰਦਰ ਕੌਰ, ਚੌਧਰੀ ਤੀਰਥ ਰਾਮ, ਹਰਵਿੰਦਰ ਸਿੰਘ ਔਜਲਾ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਗਗਨਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਜਗਰੂਪ ਸਿੰਘ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ |