ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)- ਇੰਨਰਵੀਲ੍ਹ ਕਲੱਬ ਰੋਪੜ ਵਲੋਂ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ (ਬੇਲਾ ਚੌਕ) ਨੂੰ ਹੋਰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ | ਕਲੱਬ ਦੇ ਯਤਨਾਂ ਸਦਕਾ ਉਜਾੜ ਪਈ ਜਗ੍ਹਾ, ਜੋ ਕਿ ਪਸ਼ੂਆਂ ਦੀ ਖੜੋਤ ਦਾ ਕੇਂਦਰ ਬਣੀ ਹੋਈ ਸੀ, ਨੂੰ ਹੁਣ ਸੁੰਦਰ ਰੂਪ ਦਿੱਤਾ ਜਾ ਰਿਹਾ ਹੈ | ਇਸ ਸਥਾਨ 'ਤੇ ਕਲੱਬ ਵਲੋਂ ਗਿ੍ਲਾਂ ਲਗਾ ਕੇ ਸੁੰਦਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਸ਼ਹਿਰ ਦੇ ਇਸ ਮਹੱਤਵਪੂਰਨ ਸਥਾਨ ਨੂੰ ਹੋਰ ਪ੍ਰਭਾਵਸ਼ਾਲੀ ਤੇ ਸੁਚੱਜਾ ਬਣਾਇਆ ਜਾ ਸਕੇ | ਕਲੱਬ ਦੀ ਪ੍ਰਧਾਨ ਗੁਰਮੀਤ ਕੌਰ ਤੇ ਸਾਬਕਾ ਮੁੱਖ ਅਧਿਆਪਕਾ ਤੇ ਸੈਕਟਰੀ ਸ੍ਰੀਮਤੀ ਕੁਸਮ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਕਾਫ਼ੀ ਸਮੇਂ ਤੋਂ ਇਸ ਸਥਾਨ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਵਿਚਾਰ ਅਧੀਨ ਸੀ | ਹੁਣ ਨਗਰ ਕੌਂਸਲ ਰੂਪਨਗਰ ਤੋਂ ਪ੍ਰਵਾਨਗੀ ਪ੍ਰਾਪਤ ਕਰਨ ਉਪਰੰਤ ਇਸ ਕਾਰਜ ਨੂੰ ਆਰੰਭ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਆਪਣੇ ਸਾਂਝੇ ਯੋਗਦਾਨ ਨਾਲ ਇਸ ਪ੍ਰੋਜੈਕਟ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ | ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਭਰੋਸਾ ਵੀ ਦਿੱਤਾ ਗਿਆ ਹੈ ਕਿ ਇਸ ਸਥਾਨ ਦੀ ਸੰਭਾਲ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਵੀ ਇੰਨਰਵੀਲ੍ਹ ਕਲੱਬ ਰੋਪੜ ਵਲੋਂ ਨਿਭਾਈ ਜਾਵੇਗੀ |