ਰੂਪਨਗਰ, 15 ਮਈ (ਸਤਨਾਮ ਸਿੰਘ ਸੱਤੀ)- ਪੰਜਾਬ ਰੋਡਵੇਜ਼ ਪਨਬਸ ਅਤੇ ਪੀ.ਆਰ.ਟੀ.ਸੀ. ਕੱਚਾ ਮੁਲਾਜ਼ਮ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਰੋਪੜ ਰੋਡਵੇਜ਼ ਡੀਪੂ ਦੇ ਗੇਟ 'ਤੇ ਰੋਸ ਰੈਲੀ ਕੀਤੀ ਗਈ | ਇਸ ਦੌਰਾਨ ਕਰਮਚਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਦੀ 'ਡਾਊਨ ਕੇਡਰ ਪਾਲਿਸੀ' ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟਾਇਆ | ਯੂਨੀਅਨ ਦੇ ਸੂਬਾ ਪ੍ਰਧਾਨ ਭਗਤ ਸਿੰਘ ਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਬਿਨਾਂ ਸਲਾਹ-ਮਸ਼ਵਰੇ ਦੇ ਮੁਲਾਜ਼ਮਾਂ 'ਤੇ ਇਹ ਪਾਲਿਸੀ ਥੋਪੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਆਗੂਆਂ ਨੇ ਮੰਗ ਕੀਤੀ ਕਿ ਰੋਡਵੇਜ਼ ਵਿਚ ਚੱਲ ਰਹੀ ਕਿੱਲੋਮੀਟਰ ਸਕੀਮ ਤੁਰੰਤ ਰੱਦ ਕੀਤੀ ਜਾਵੇ, ਵਿਭਾਗ ਵਿਚ 10 ਹਜ਼ਾਰ ਨਵੀਆਂ ਸਰਕਾਰੀ ਬੱਸਾਂ ਸ਼ਾਮਲ ਕੀਤੀਆਂ ਜਾਣ ਤੇ ਸਮੂਹ ਕੱਚੇ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ | ਉਨ੍ਹਾਂ 'ਬਰਾਬਰ ਕੰਮ, ਬਰਾਬਰ ਤਨਖ਼ਾਹ' ਦਾ ਨਿਯਮ ਲਾਗੂ ਕਰਨ ਦੀ ਵੀ ਮੰਗ ਕੀਤੀ | ਯੂਨੀਅਨ ਦੇ ਸਕੱਤਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਮੂਹ 27 ਡੀਪੂਆਂ ਵਿਚ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮਸਲੇ ਹੱਲ ਨਾ ਕੀਤੇ ਤਾਂ 18 ਮਈ ਨੂੰ ਰਾਜ ਪੱਧਰੀ ਇੱਕ ਰੋਜ਼ਾ ਹੜਤਾਲ ਕੀਤੀ ਜਾਵੇਗੀ |