ਮੋਰਿੰਡਾ, 20 ਮਈ (ਪਿ੍ਤਪਾਲ ਸਿੰਘ)- ਸਥਾਨਕ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ ਇਸਤਰੀਆਂ) ਮੋਰਿੰਡਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ੰਸੀਪਲ ਬਲਦੀਸ਼ ਕੌਰ ਧਨੋਆ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿਚ 200 ਦੇ ਕਰੀਬ ਸਿੱਖਿਆਰਥੀਆਂ ਨੇ ਭਾਗ ਲਿਆ ਤੇ ਨੌਕਰੀਆਂ ਪ੍ਰਾਪਤ ਕੀਤੀਆਂ | ਇਸ ਰੁਜ਼ਗਾਰ ਮੇਲੇ ਵਿਚ ਸਵਰਾਜ ਕੰਪਨੀ ਮੋਹਾਲੀ, ਵਰਧਮਾਨ ਕੰਪਨੀ ਲੁਧਿਆਣਾ, ਐਕਟਿਵ ਕਲੋਥਿੰਗ ਸਰਹਿੰਦ, ਹਰਸੀਜ਼ ਸਲੂਨ ਤੇ ਅਕੈਡਮੀ ਖਮਾਣੋਂ ਨੇ ਮੇਲੇ ਵਿਚ ਆਏ ਹੁਨਰਮੰਦ ਸਿੱਖਿਆਰਥੀਆਂ ਦੀ ਚੋਣ ਕੀਤੀ | ਮੇਲੇ ਦੀ ਇੰਚਾਰਜ ਅੰਜੂ ਸ਼ਰਮਾ ਪਲੇਸਮੈਂਟ ਅਫ਼ਸਰ ਆਈ.ਟੀ.ਆਈ. ਮੋਰਿੰਡਾ ਨੇ ਬਾਹਰੋਂ ਆਈਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ਼ ਤਾਲਮੇਲ ਕਰਕੇ ਸਾਰੇ ਮੇਲੇ ਨੂੰ ਬਾਖ਼ੂਬੀ ਸਿਰੇ ਚੜ੍ਹਾਇਆ | ਸੰਸਥਾ ਦੀ ਮੁਖੀ ਬਲਦੀਸ਼ ਕੌਰ ਧਨੋਆ ਨੇ ਕਿਹਾ ਕਿ ਹੱਥੀਂ ਹੁਨਰ ਵਾਲਾਂ ਵਿਅਕਤੀ ਕਦੇ ਭੁੱਖਾ ਨਹੀਂ ਮਰਦਾ | ਉਹ ਆਪਣੇ ਹੁਨਰ ਸਦਕਾ ਆਪਣੇ ਖੇਤਰ 'ਚ ਅੱਗੇ ਵੱਧ ਜਾਂਦਾ ਹੈ | ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਵਾਲ਼ੇ ਹੁਨਰ ਪ੍ਰਾਪਤ ਬੱਚੇ ਵਿਦੇਸ਼ਾਂ ਵਿਚ ਖ਼ੂਬ ਤਰੱਕੀ ਕਰ ਰਹੇ ਹਨ | ਇਸ ਮੌਕੇ ਲਵਜੋਤ ਸਿੰਘ ਇੰਸਟਰਕਟਰ, ਦਿਨੇਸ਼ ਸੈਣੀ ਪਲੇਸਮੈਂਟ ਅਫ਼ਸਰ ਆਈ.ਟੀ.ਆਈ.ਬਸੀ ਪਠਾਣਾ, ਜਸ਼ਨਦੀਪ ਕੌਰ, ਕਿਰਨਜੋਤ ਕੌਰ, ਰੀਕਾ ਮੜੀਆ, ਸਤਿਕਾਰ ਸਿੰਘ, ਅਤੇ ਅਰੁਣ ਸਮੇਤ ਵੱਖ-ਵੱਖ ਕੰਪਨੀਆਂ ਦੇ ਮਾਲਕ ਸ਼ਾਮਲ ਸਨ |