ਨੂਰਪੁਰ ਬੇਦੀ, 20 ਮਈ (ਵਿੰਦਰਪਾਲ ਝਾਂਡੀਆਂ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਪਿ੍ੰਸੀਪਲ ਅਨਿਲ ਕੁਮਾਰ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਇਸ ਦੌਰਾਨ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਬਾਰ੍ਹਵੀਂ ਜਮਾਤ ਦੇ ਕਮਰਸ, ਆਰਟਸ ਤੇ ਸਾਇੰਸ ਗਰੁੱਪਾਂ 'ਚੋਂ ਸਕੂਲ ਪੱਧਰ 'ਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਅਨਿਲ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੋਰਡ ਪ੍ਰੀਖਿਆਵਾਂ ਵਿਚ ਮਿਲੀ ਵੱਡੀ ਸਫਲਤਾ ਉਨ੍ਹਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਵਲੋਂ ਵਿਦਿਆਰਥੀਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀ ਟੀਮ ਹਮੇਸ਼ਾ ਵਿਦਿਆਰਥੀਆਂ ਨੂੰ ਵਧੀਆ ਨਤੀਜੇ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਸਕੂਲ ਦੇ ਵਿਦਿਆਰਥੀ ਇਸੇ ਤਰ੍ਹਾਂ ਮਿਹਨਤ ਕਰਕੇ ਹੋਰ ਉਚਾਈਆਂ ਹਾਸਿਲ ਕਰਨਗੇ |