ਰੂਪਨਗਰ, 20 ਮਈ (ਗੁਰਪ੍ਰੀਤ ਸਿੰਘ ਹੁੰਦਲ) ਤਾਪਮਾਨ ਵਿਚ ਦਿਨ-ਪ੍ਰਤੀਦਿਨ ਹੋ ਰਹੇ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਗਰਮੀ ਦੀ ਲਹਿਰ (ਹੀਟ ਵੇਵ) ਤੋਂ ਬਚਾਅ ਹਿਤ ਵਧੇਰੇ ਸੁਚੇਤ ਹੋਣ ਦੀ ਲੋੜ ਹੈ | ਇਹ ਜਾਣਕਾਰੀ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਨੇ ਸਾਂਝੀ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵਲੋਂ ਹੀਟ ਵੇਵ ਨੂੰ ਮੱਦੇਨਜਰ ਰੱਖਦਿਆਂ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ | ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ਕਿ ਗਰਮੀ ਦੀ ਲਹਿਰ ਸਰੀਰ ਦੀ ਤਾਪਮਾਨ ਨਿਯੰਤਰਣ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ | ਉਨ੍ਹਾਂ ਕਿਹਾ ਕਿ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ ਵੱਧ ਉਮਰ ਦੇ ਵਿਅਕਤੀ, ਮਜ਼ਦੂਰੀ ਕਰਨ ਵਾਲੇ ਲੋਕ ਅਤੇ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਵਿਅਕਤੀ ਹੀਟ ਵੇਵ ਦੇ ਵਧੇਰੇ ਜੋਖਮ ਹੇਠ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਗਰਮੀ ਤੋਂ ਬਚਾਅ ਲਈ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਬਹੁਤ ਜ਼ਰੂਰੀ ਹੈ | ਲੋਕਾਂ ਨੂੰ ਹਰੀਆਂ ਸਬਜ਼ੀਆਂ ਅਤੇ ਮੌਸਮੀ ਫਲ ਜਿਵੇਂ ਤਰਬੂਜ਼, ਖਰਬੂਜ਼ਾ, ਸੰਤਰਾ ਅਤੇ ਅੰਗੂਰ ਆਦਿ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ | ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ਕਿ ਤੇਜ਼ ਸਿਰ ਦਰਦ, ਬੇਚੈਨੀ, ਚੱਕਰ ਆਉਣਾ, ਮਾਸਪੇਸ਼ੀਆਂ ਵਿਚ ਕਮਜ਼ੋਰੀ, ਜੀਅ ਮਲੂਲ ਹੋਣਾ, ਉਲਟੀ ਆਉਣਾ ਅਤੇ ਦਿਲ ਦੀ ਧੜਕਨ ਤੇਜ਼ ਹੋਣਾ ਹੀਟ ਵੇਵ ਦੇ ਮੁੱਖ ਲੱਛਣ ਹਨ | ਅਜਿਹੇ ਲੱਛਣ ਦਿਖਾਈ ਦੇਣ 'ਤੇ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਵਿਚ ਜਾਂਚ ਕਰਵਾਉਣੀ ਚਾਹੀਦੀ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸੰਭਵ ਹੋਵੇ ਤਾਂ ਬਾਹਰਲੇ ਕੰਮ ਸਵੇਰੇ ਜਾਂ ਸ਼ਾਮ ਦੇ ਠੰਡੇ ਸਮੇਂ ਦੌਰਾਨ ਹੀ ਕਰਨੇ ਚਾਹੀਦੇ ਹਨ | ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਹਿਨਣ ਦੇ ਨਾਲ-ਨਾਲ ਧੁੱਪ ਤੋਂ ਬਚਾਅ ਲਈ ਛੱਤਰੀ, ਟੋਪੀ ਅਤੇ ਤੌਲੀਆ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ | ਨੰਗੇ ਪੈਰ ਧੁੱਪ ਵਿਚ ਜਾਣ ਤੋਂ ਪਰਹੇਜ਼ ਕੀਤਾ ਜਾਵੇ | ਜੇ ਧੁੱਪ ਵਿਚ ਬਾਹਰ ਜਾਣਾ ਬਹੁਤ ਜ਼ਰੂਰੀ ਹੋਵੇ ਤਾਂ ਆਪਣੇ ਨਾਲ ਪਾਣੀ ਜ਼ਰੂਰ ਰੱਖੋ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪਾਣੀ ਪੀਂਦੇ ਰਹੋ | ਉਨ੍ਹਾਂ ਦੱਸਿਆ ਕਿ ਮਿਰਗੀ, ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਨਾਲ ਪੀੜਤ ਉਹ ਵਿਅਕਤੀ ਜੋ ਤਰਲ ਪਦਾਰਥਾਂ ਦੀ ਸੀਮਤ ਖੁਰਾਕ 'ਤੇ ਹਨ, ਉਹ ਪਾਣੀ ਦੀ ਮਾਤਰਾ ਵਧਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣ | ਸਿਵਲ ਸਰਜਨ ਨੇ ਦੱਸਿਆ ਕਿ ਲੋੜ ਪੈਣ 'ਤੇ ਮੁਫ਼ਤ ਐਂਬੂਲੈਂਸ ਸੇਵਾ ਲਈ ਟੋਲ ਫਰੀ ਨੰਬਰ 108 'ਤੇ ਅਤੇ ਸਿਹਤ ਸਬੰਧੀ ਹੋਰ ਜਾਣਕਾਰੀ ਲਈ ਟੋਲ ਫਰੀ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ |