ਰੂਪਨਗਰ, 21 ਮਈ (ਗੁਰਪ੍ਰੀਤ ਸਿੰਘ ਹੁੰਦਲ)- ਵਣ ਮੰਡਲ ਰੂਪਨਗਰ ਫੋਰੈਸਟ ਪੈਨਸ਼ਨਰ ਐਸੋਸੀਏਸ਼ਨ ਸ਼ਿਵਾਲਿਕ ਸਰਕਲ ਦੇ ਪੈਨਸ਼ਨਰਾਂ ਦੀ ਇੱਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਰਣਧੀਰ ਸਿੰਘ ਚੱਕਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਨੂੰ 16 ਫ਼ੀਸਦੀ ਡੀ.ਏ. ਦਾ ਬਕਾਇਆ ਜਾਰੀ ਨਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵਲੋਂ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਗੰਭੀਰ ਚਰਚਾ ਕੀਤੀ ਗਈ ਤੇ ਸੂਬਾ ਪੱਧਰ 'ਤੇ ਹੋਣ ਵਾਲੇ ਸੰਘਰਸ਼ ਵਿਚ ਸਰਗਰਮ ਭਾਗੀਦਾਰੀ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਤੋਂ ਬਾਅਦ ਐਸੋਸੀਏਸ਼ਨ ਦੇ ਆਗੂਆਂ ਵਲੋਂ ਵਣ ਮੰਡਲ ਅਫ਼ਸਰ ਰੂਪਨਗਰ ਨਾਲ ਸੰਖੇਪ ਮੀਟਿੰਗ ਕੀਤੀ ਗਈ | ਇਸ ਦੌਰਾਨ ਅਧਿਕਾਰੀ ਵਲੋਂ ਭਰੋਸਾ ਦਿਵਾਇਆ ਗਿਆ ਕਿ ਪੈਨਸ਼ਨਰਾਂ ਦੇ ਡੀ.ਏ. ਏਰੀਅਰ ਤੇ ਲੀਵ ਇਨ ਕੈਸ਼ਮੈਂਟ ਦੇ ਬਕਾਇਆ ਬਿਲ ਜਲਦੀ ਖਜ਼ਾਨਾ ਦਫ਼ਤਰ ਭੇਜ ਦਿੱਤੇ ਜਾਣਗੇ | ਇਸ ਮੌਕੇ ਅਗਲੀ ਮੀਟਿੰਗ ਲਈ ਵੀ ਸਮਾਂ ਤੈਅ ਕੀਤਾ ਗਿਆ ਕਿ ਐਸੋਸੀਏਸ਼ਨ ਦੀ ਅਗਲੀ ਮੀਟਿੰਗ 4 ਜੂਨ 2026 ਨੂੰ ਕਰਨ ਦਾ ਫੈਸਲਾ ਲਿਆ ਗਿਆ ਜਦਕਿ ਵਣ ਮੰਡਲ ਅਫ਼ਸਰ ਨਾਲ ਅਗਲੀ ਬੈਠਕ 14 ਜੂਨ ਨੂੰ ਹੋਵੇਗੀ | ਮੀਟਿੰਗ ਦੇ ਅੰਤ 'ਚ ਸਰਕਲ ਪ੍ਰਧਾਨ ਰਣਧੀਰ ਸਿੰਘ ਚੱਕਰ ਵਲੋਂ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਭੁਪਿੰਦਰ ਸਿੰਘ ਮੰਡਲ ਪ੍ਰਧਾਨ ਰੋਪੜ, ਮਨਜੀਤ ਸਿੰਘ ਖਰੜ, ਮਨੋਜ ਕੁਮਾਰ ਬਲਾਚੌਰ, ਮਲਕੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ, ਗੁਰਚੇਤ ਸਿੰਘ, ਹੁਸਨ ਚੰਦ ਰੋਪੜ, ਸੁਖਵਿੰਦਰ ਸਿੰਘ ਖਰੜ, ਸੁਰਿੰਦਰ ਪਾਲ ਸਿੰਘ ਰੋਪੜ, ਸ਼ੇਰ ਸਿੰਘ ਲੌਂਗੀਆ, ਸ੍ਰੀਮਤੀ ਪ੍ਰਕਾਸ਼ ਕੌਰ ਰੋਪੜ, ਬਲਵਿੰਦਰ ਸਿੰਘ ਅਬੇਪੁਰ, ਬਲਵੀਰ ਸਿੰਘ ਗੜਸ਼ੰਕਰ, ਹਰਬੰਸ ਲਾਲ ਗੜਸ਼ੰਕਰ, ਰਵਿੰਦਰ ਸਿੰਘ ਸੋਢੀ, ਅਨਿਲ ਕੁਮਾਰ ਰੋਪੜ, ਬਲਜਿੰਦਰ ਸਿੰਘ ਮੋਹਾਲੀ ਅਤੇ ਨਰਿੰਦਰ ਕੁਮਾਰ ਮੋਹਾਲੀ ਸਮੇਤ ਹੋਰ ਮੈਂਬਰ ਹਾਜ਼ਰ ਸਨ |