ਡੀ.ਐੱਸ.ਪੀ. ਜਾਂਚ ਤੋਂ ਬਾਅਦ ਮਾਮਲਾ ਈ.ਓ. ਵਿੰਗ ਨੂੰ ਭੇਜਣ ਦੀ ਸਿਫਾਰਿਸ਼ <br/>
ਅਜੀਤ ਡੈਸਕ
22-05-2026
ਆਡੀਓ ਵਾਇਰਲ ਹੋਣ ਤੋਂ ਬਾਅਦ ਮਚੀ ਸੀ ਸਿਆਸੀ ਹਲਚਲ :
ਇਹ ਮਾਮਲਾ ਉਸ ਸਮੇਂ ਚਰਚਾ ਵਿਚ ਆਇਆ ਸੀ ਜਦੋਂ ਨਵੰਬਰ 2025 ਵਿਚ ਸੰਜੇ ਵਰਮਾ ਨੂੰ ਉਸਦੇ ਹੀ ਜਿਗਰੀ ਯਾਰਾਂ ਵਰਗੇ ਢਿੱਲੋਂ ਧੜੇ ਦੇ ਸਾਥੀ ਕੌਂਸਲਰਾਂ ਵਲੋਂ ਬੇਭਰੋਸਗੀ ਮਤਾ ਪਾਸ ਕਰਕੇ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ ਸੀ | ਇਸ ਤੋਂ ਬਾਅਦ ਇੱਕ ਆਡੀਓ ਵਾਇਰਲ ਹੋਈ ਜਿਸ ਵਿਚ ਸੰਜੇ ਵਰਮਾ ਨੇ ਦੋਸ਼ ਲਗਾਇਆ ਸੀ ਕਿ ਕਈ ਕੌਂਸਲਰ ਉਸ ਤੋਂ ਲੱਖਾਂ ਰੁਪਏ ਤੇ ਸੋਨਾ ਲੈ ਗਏ ਸਨ ਅਤੇ ਸਾਥ ਨਿਭਾਉਣ ਦੇ ਵਾਅਦੇ ਕਰਕੇ ਬਾਅਦ ਵਿਚ ਉਸ ਨਾਲ ਧੋਖਾ ਕੀਤਾ ਗਿਆ | ਇਹ ਆਡੀਓ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਵਿਚ ਸਿਆਸੀ ਹਲਚਲ ਮਚ ਗਈ ਸੀ | ਕੁੱਝ ਸ਼ਹਿਰ ਵਾਸੀਆਂ ਵਲੋਂ ਇਸਨੂੰ ਚੁਣੇ ਹੋਏ ਨੁਮਾਇੰਦਿਆਂ ਵਿਚ ਭਿ੍ਸ਼ਟਾਚਾਰ ਨਾਲ ਜੋੜਦਿਆਂ ਜਾਂਚ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਡੀ.ਐਸ.ਪੀ. ਦਫ਼ਤਰ ਵਲੋਂ ਸੰਜੇ ਵਰਮਾ ਸਮੇਤ ਦੋਸ਼ਾਂ ਵਿਚ ਨਾਮਜ਼ਦ ਸਾਰੇ ਕੌਂਸਲਰਾਂ ਨੂੰ ਤਲਬ ਕਰਕੇ ਬਿਆਨ ਦਰਜ ਕੀਤੇ ਗਏ |
ਕੌਂਸਲਰਾਂ ਦੇ ਬਿਆਨਾਂ ਵਿਚ ਇੱਕੋ ਜਿਹੀ ਲਾਈਨ
ਜਾਂਚ ਦੌਰਾਨ ਕਈ ਕੌਂਸਲਰਾਂ ਨੇ ਲਗਭਗ ਇੱਕੋ ਜਿਹੀ ਸ਼ਬਦਾਵਲੀ ਵਿਚ ਬਿਆਨ ਦਿੱਤੇ ਕਿ ਸੰਜੇ ਵਰਮਾ ਨੂੰ ਪ੍ਰਧਾਨਗੀ ਤੋਂ ਇਸ ਲਈ ਹਟਾਇਆ ਗਿਆ ਸੀ ਕਿਉਂਕਿ 2025 ਦੌਰਾਨ ਸ਼ਹਿਰ ਵਿਚ ਵਿਕਾਸ ਕਾਰਜ ਨਹੀਂ ਹੋ ਰਹੇ ਸਨ | ਉਨ੍ਹਾਂ ਇਹ ਵੀ ਕਿਹਾ ਕਿ ਬਾਅਦ ਵਿਚ ਸੰਜੇ ਵਰਮਾ ਨਾਲ ਨਿੱਜੀ ਮੀਟਿੰਗਾਂ ਰਾਹੀਂ ਮਨਮੁਟਾਅ ਦੂਰ ਹੋ ਗਏ ਅਤੇ ਹੁਣ ਉਨ੍ਹਾਂ ਨੂੰ ਸੰਜੇ ਵਰਮਾ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਹੈ | ਬਿਆਨ ਦਰਜ ਕਰਵਾਉਣ ਵਾਲਿਆਂ ਵਿਚ ਅਮਰਜੀਤ ਸਿੰਘ ਜੋਲੀ, ਗੁਰਮੀਤ ਸਿੰਘ ਰਿੰਕੂ, ਪਰਮਿੰਦਰ ਸਿੰਘ ਪਿੰਕਾ, ਬਲਵਿੰਦਰ ਸਿੰਘ, ਭਰਤ, ਚਰਨਜੀਤ ਸਿੰਘ ਚੰਨੀ, ਰਜੇਸ਼ ਕੁਮਾਰ, ਪੂਨਮ ਕੱਕੜ ਅਤੇ ਸਰਬਜੀਤ ਸਿੰਘ ਸੈਣੀ ਆਦਿ ਕੌਂਸਲਰ ਸ਼ਾਮਲ ਸਨ |
ਡੀ.ਐਸ.ਪੀ. ਰਿਪੋਰਟ ਵਿਚ ਕੀ ਆਇਆ ਸਾਹਮਣੇ ?.
ਪੜਤਾਲ ਰਿਪੋਰਟ ਵਿਚ ਦਰਜ ਕੀਤਾ ਗਿਆ ਹੈ ਕਿ ਸੰਜੇ ਵਰਮਾ ਨੇ ਵਾਇਰਲ ਆਡੀਓ ਨੂੰ ਨਾ ਤਾਂ ਨਕਾਰਿਆ ਅਤੇ ਨਾ ਹੀ ਉਸ ਨੂੰ ਫਰਜ਼ੀ ਕਰਾਰ ਦਿੱਤਾ ਹੈ | ਇਸ ਦੇ ਨਾਲ ਹੀ ਕੋਈ ਵੀ ਕੌਂਸਲਰ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਸਾਬਤ ਕਰਨ ਲਈ ਕਸਮ ਖਾਣ ਲਈ ਵੀ ਸਾਹਮਣੇ ਨਹੀਂ ਆਇਆ | ਰਿਪੋਰਟ ਵਿਚ ਇਹ ਵੀ ਉਲੇਖ ਕੀਤਾ ਗਿਆ ਕਿ ਤੱਥਾਂ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਪ੍ਰਧਾਨਗੀ ਤੋਂ ਹਟਾਏ ਜਾਣ ਦੇ ਗੁੱਸੇ ਵਿਚ ਸੰਜੇ ਵਰਮਾ ਵਲੋਂ ਆਡੀਓ ਵਾਇਰਲ ਕੀਤੀ ਗਈ ਸੀ ਜਿਸ ਵਿਚ ਲੈਣ-ਦੇਣ ਦੀ ਗੱਲ ਕੀਤੀ ਗਈ | ਬਾਅਦ ਵਿਚ ਕੌਂਸਲਰਾਂ ਨਾਲ ਨਿੱਜੀ ਅਤੇ ਗੁਪਤ ਮੀਟਿੰਗਾਂ ਰਾਹੀਂ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ |
ਸੰਜੇ ਵਰਮਾ ਨੇ ਬਿਆਨ ਵਿਚ ਕੀ ਕਿਹਾ ?......
ਸੰਜੇ ਵਰਮਾ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਹ ਅਪ੍ਰੈਲ 2021 ਤੋਂ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਰਹੇ ਅਤੇ ਕਰੀਬ ਸਾਢੇ ਚਾਰ ਸਾਲ ਅਹੁਦੇ 'ਤੇ ਕੰਮ ਕੀਤਾ | 15 ਨਵੰਬਰ 2025 ਨੂੰ ਹੋਈ ਦੁਬਾਰਾ ਚੋਣ ਦੌਰਾਨ ਬਹੁਮਤ ਨਾ ਮਿਲਣ ਕਰਕੇ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ | ਉਨ੍ਹਾਂ ਕਿਹਾ ਕਿ ਪ੍ਰਧਾਨਗੀ ਛੱਡਣ ਤੋਂ ਬਾਅਦ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਤੇ ਭਾਵੁਕ ਹੋ ਗਏ ਸਨ, ਜਿਸ ਕਰਕੇ ਉਨ੍ਹਾਂ ਨੇ ਉਹ ਆਡੀਓ ਵਾਇਰਲ ਕਰ ਦਿੱਤੀ ਸੀ | ਬਾਅਦ ਵਿਚ ਸਾਰੇ ਕੌਂਸਲਰਾਂ ਨਾਲ ਗੱਲਬਾਤ ਹੋ ਗਈ ਤੇ ਮਨਮੁਟਾਅ ਦੂਰ ਹੋ ਗਏ | ਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਨਾ-ਮਾਲੂਮ ਵਿਅਕਤੀਆਂ ਵਲੋਂ ਦਿੱਤੀ ਗਈ ਦਰਖਾਸਤ ਉਨ੍ਹਾਂ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਦਿੱਤੀ ਗਈ ਹੈ |
ਹੁਣ ਨਜ਼ਰ ਈ.ਓ. ਵਿੰਗ ਦੀ ਜਾਂਚ 'ਤੇ.
ਡੀ.ਐਸ.ਪੀ. ਦੀ ਸਿਫਾਰਿਸ਼ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਈ.ਓ. ਵਿੰਗ ਵਲੋਂ ਵਿੱਤੀ ਲੈਣ-ਦੇਣ ਦੇ ਰਿਕਾਰਡ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਸਕਦੀ ਹੈ | ਸਿਆਸੀ ਗਲਿਆਰਿਆਂ ਵਿਚ ਇਹ ਮਾਮਲਾ ਮੁੜ ਚਰਚਾ ਦਾ ਵਿਸ਼ਾ ਬਣ ਗਿਆ ਹੈ ਤੇ ਲੋਕਾਂ ਦੀ ਨਜ਼ਰ ਹੁਣ ਅਗਲੀ ਜਾਂਚ 'ਤੇ ਟਿਕੀ ਹੋਈ ਹੈ |
ਸਿਆਸੀ ਮੈਦਾਨ ਤੋਂ ਵੀ ਗਾਇਬ ਨਜ਼ਰ ਆ ਰਹੇ ਸੰਜੇ ਵਰਮਾ
ਇੱਥੇ ਇਹ ਵੀ ਦੱਸਣਾ ਜਰੂਰੀ ਹੋਵੇਗਾ ਕਿ ਸੰਜੇ ਵਰਮਾ ਨੇ ਪ੍ਰਧਾਨਗੀ ਤੋਂ ਹਟਾਏ ਜਾਣ ਤੋਂ ਬਾਅਦ ਨਵੇਂ ਬਣੇ ਕੌਂਸਲ ਪ੍ਰਧਾਨ ਅਸ਼ੋਕ ਵਾਹੀ ਨੂੰ ਇੱਕ ਮੀਟਿੰਗ ਦੌਰਾਨ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿਚ ਉਹ ਉਨ੍ਹਾਂ ਦੇ ਖਿਲਾਫ ਚੋਣ ਲੜਣਗੇ ਪਰ ਹੁਣ ਸੰਜੇ ਵਰਮਾ ਨਾ ਤਾਂ ਨਾਮਜ਼ਦਗੀ ਕਾਗਜ਼ ਦਾਖਲ ਕਰਨ ਲਈ ਸਾਹਮਣੇ ਆਏ ਅਤੇ ਨਾ ਹੀ ਚੋਣ ਪ੍ਰਚਾਰ ਦੌਰਾਨ ਕਿਤੇ ਨਜ਼ਰ ਆ ਰਹੇ ਹਨ | ਸਿਆਸੀ ਮੈਦਾਨ ਤੋਂ ਉਨ੍ਹਾਂ ਦੀ ਇਹ ਦੂਰੀ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ |