ਰੂਪਨਗਰ, 24 ਮਈ (ਸਤਨਾਮ ਸਿੰਘ ਸੱਤੀ)-ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲਿਆਂ ਵਲੋਂ ਸਥਾਪਿਤ ਸੰਤ ਕਰਮ ਸਿੰਘ ਅਕੈਡਮੀ ਵਿਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸ਼ਾਨਦਾਰ ਬੋਰਡ ਨਤੀਜਿਆਂ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਵਿਚ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਉਹ 28 ਵਿਦਿਆਰਥੀ, ਜਿਨ੍ਹਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ, ਆਪਣੇ ਮਾਤਾ-ਪਿਤਾ ਅਤੇ ਸਟਾਫ਼ ਮੈਂਬਰਾਂ ਸਮੇਤ ਸ਼ਾਮਿਲ ਹੋਏ | ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਾਬਕਾ ਸਰਪੰਚ ਦਲਜੀਤ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬਲਜਿੰਦਰ ਕੌਰ ਸਨ | ਇਸ ਮੌਕੇ ਸਕੂਲ ਮੈਨੇਜਮੈਂਟ ਵਲੋਂ ਬਾਬਾ ਸੁਰਜਨ ਸਿੰਘ ਅਤੇ ਬਾਬਾ ਜੁਝਾਰ ਸਿੰਘ ਵੀ ਹਾਜ਼ਰ ਰਹੇ | ਸਮਾਗਮ ਦੌਰਾਨ ਦਸਵੀਂ ਜਮਾਤ ਦੇ ਸੀ.ਬੀ.ਐਸ.ਈ. ਬੋਰਡ ਵਿਚ ਜ਼ਿਲ੍ਹਾ ਟੋਪਰ ਰਹੇ ਮੰਨਤਵੀਰ ਸਿੰਘ, ਜਿਸ ਨੇ 99 ਫ਼ੀਸਦੀ ਅੰਕ ਪ੍ਰਾਪਤ ਕੀਤੇ, ਨੂੰ ਵਿਸ਼ੇਸ਼ ਤੌਰ 'ਤੇ ਐਕਟਿਵਾ ਸਕੂਟਰੀ ਨਾਲ ਸਨਮਾਨਿਤ ਕੀਤਾ ਗਿਆ | ਇਹ ਸਕੂਟਰੀ ਸਾਬਕਾ ਸਰਪੰਚ ਦਲਜੀਤ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਬਲਜਿੰਦਰ ਕੌਰ ਵਲੋਂ ਤੋਹਫ਼ੇ ਵਜੋਂ ਭੇਟ ਕੀਤੀ ਗਈ | ਸਮਾਗਮ ਦੌਰਾਨ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੇ ਅਕੈਡਮੀ ਦੇ ਸ਼ਾਨਦਾਰ ਨਤੀਜਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਕੂਲ ਦੀ ਮਿਹਨਤ, ਅਨੁਸ਼ਾਸਨ ਅਤੇ ਉੱਚ ਸਿੱਖਿਆ ਮਿਆਰਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ | ਬਾਬਾ ਸੁਰਜਨ ਸਿੰਘ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਸਕੂਲ ਦੇ ਪਿ੍ੰਸੀਪਲ ਨੇ ਵੀ ਨਤੀਜਿਆਂ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਵਿਦਿਆਰਥੀਆਂ ਦੀ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਲਗਨ ਦੀ ਸ਼ਲਾਘਾ ਕੀਤੀ ਅਤੇ ਸਭ ਦਾ ਧੰਨਵਾਦ ਕੀਤਾ | ਸਕੂਲ ਪ੍ਰਬੰਧਕ ਕਮੇਟੀ ਵਲੋਂ ਸਮਾਗਮ ਵਿਚ ਸ਼ਾਮਿਲ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਵਿਸ਼ੇਸ਼ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ |