ਰੂਪਨਗਰ : ਸੰਤ ਬਾਬਾ ਖੁਸ਼ਹਾਲ ਸਿੰਘ, ਮੁੱਖ ਪ੍ਰਬੰਧਕ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਟਿੱਬੀ ਸਾਹਿਬ ਰੂਪਨਗਰ, 25 ਮਈ 2025 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਹਨਾਂ ਨੇ ਆਪਣਾ ਸਾਰਾ ਜੀਵਨ ਬਹੁਤ ਹੀ ਸਾਦਗੀ, ਨਿਮਰਤਾ ਤੇ ਸਿਮਰਨ ਭਾਵਨਾ ਨਾਲ ਬਿਤਾਇਆ | ਬਾਬਾ ਜੀ ਦਾ ਜਨਮ 15 ਅਕਤੂਬਰ 1929 ਨੂੰ ਪਿੰਡ ਬਹਾਦਰਪੁਰ ਵਿਖੇ ਪਿਤਾ ਸ੍ਰੀ ਈਸ਼ਰ ਸਿੰਘ ਤੇ ਮਾਤਾ ਸ੍ਰੀਮਤੀ ਰੱਖੋ ਦੇ ਘਰ ਹੋਇਆ | ਆਪ ਨੇ ਮੈਟਿ੍ਕ ਤੱਕ ਪੜਾਈ ਕੀਤੀ ਤੇ ਬਾਅਦ ਵਿਚ ਸਿੰਚਾਈ ਵਿਭਾਗ ਵਿਚ ਸਰਵੇਅਰ ਵਜੋਂ ਸੇਵਾ ਨਿਭਾਈ | ਛੋਟੀ ਉਮਰ ਤੋਂ ਹੀ ਆਪ ਗੁਰਬਾਣੀ ਅਤੇ ਨਾਮ ਸਿਮਰਨ ਨਾਲ ਜੁੜ ਗਏ ਸਨ | ਪੰਜ ਬਾਣੀਆਂ ਸਮੇਤ ਸੁਖਮਨੀ ਸਾਹਿਬ ਤੇ ਆਸਾ ਦੀ ਵਾਰ ਆਪ ਨੂੰ ਕੰਠ ਸੀ | ਬਚਪਨ ਵਿਚ ਹੀ ਆਪ ਸੰਤ ਬਾਬਾ ਸ਼ਾਦੀ ਸਿੰਘ ਦੇ ਸੰਪਰਕ ਵਿਚ ਆ ਗਏ | ਸਤਲੁਜ ਦਰਿਆ ਦੇ ਕੰਢੇ ਭਗਤ ਸਿੰਘ ਮਸਤ ਵਲੋਂ ਪ੍ਰਗਟ ਕੀਤੇ ਅਸਥਾਨ ਕੋਟ ਪੁਰਾਣ ਟਿੱਬੀ ਸਾਹਿਬ ਦੀ ਸੇਵਾ ਬਾਬਾ ਸ਼ਾਦੀ ਸਿੰਘ ਨੂੰ ਸੌਂਪੀ ਗਈ ਸੀ | ਫੌਜ ਵਿਚ ਸੇਵਾ ਨਿਭਾਉਣ ਵਾਲੇ ਬਾਬਾ ਸ਼ਾਦੀ ਸਿੰਘ ਨੇ ਲੱਕੜ ਦਾ ਗੁਰੂ ਘਰ ਤਿਆਰ ਕੀਤਾ ਤੇ ਦਰਬਾਰ ਸਾਹਿਬ, ਲੰਗਰ ਹਾਲ ਤੇ ਹੋਰ ਇਮਾਰਤਾਂ ਦੀ ਯੋਜਨਾ ਤਿਆਰ ਕੀਤੀ | ਸੰਨ 1987 ਵਿਚ ਉਹਨਾਂ ਦੇ ਸਚਖੰਡ ਵਾਸ ਹੋਣ ਤੋਂ ਬਾਅਦ ਇਹ ਸੇਵਾ ਸੰਤ ਬਾਬਾ ਖੁਸ਼ਹਾਲ ਸਿੰਘ ਨੇ ਸੰਭਾਲੀ | ਉਸ ਦਿਨ ਤੋਂ ਬਾਬਾ ਜੀ ਪੂਰੀ ਤਰਾਂ ਗੁਰਦੁਆਰਾ ਕੋਟ ਪੁਰਾਣ ਟਿੱਬੀ ਸਾਹਿਬ ਨੂੰ ਸਮਰਪਿਤ ਹੋ ਗਏ | 24 ਮਈ 1998 ਨੂੰ ਆਪ ਜੀ ਨੇ ਬਾਬਾ ਅਵਤਾਰ ਸਿੰਘ ਨੂੰ ਆਪਣੇ ਨਾਲ ਜੋੜ ਲਿਆ ਅਤੇ ਕਈ ਕਾਰਜਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ 'ਤੇ ਸੌਂਪ ਦਿੱਤੀ | ਅੱਜ ਇਹ ਅਸਥਾਨ ਕੇਵਲ ਰੂਪਨਗਰ ਜ਼ਿਲੇ ਦਾ ਹੀ ਨਹੀਂ, ਸਗੋਂ ਪੰਜਾਬ ਤੇ ਵਿਦੇਸ਼ਾਂ ਵਿਚ ਵੀ ਇੱਕ ਸੁੰਦਰ ਤੇ ਰਮਣੀਕ ਧਾਰਮਿਕ ਸਥਾਨ ਵਜੋਂ ਪ੍ਰਸਿੱਧ ਹੈ | ਕਿਸਾਨ ਅੰਦੋਲਨ ਸਮੇਤ ਹਰ ਸਮਾਜਿਕ ਤੇ ਧਾਰਮਿਕ ਮੌਕੇ 'ਤੇ ਇੱਥੋਂ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਰਹੀ ਹੈ | ਲੋੜਵੰਦਾਂ ਲਈ ਮੈਡੀਕਲ ਕੈਂਪ ਅਤੇ ਹੋਰ ਸੇਵਾਵਾਂ ਵੀ ਨਿਰੰਤਰ ਚੱਲਦੀਆਂ ਹਨ | ਇੱਥੇ ਹਰ ਵੇਲੇ ਦੇਸੀ ਘਿਓ ਦਾ ਲੰਗਰ ਤਿਆਰ ਮਿਲਦਾ ਹੈ ਅਤੇ ਲੋਕ ਆਪਣੀਆਂ ਖੁਸ਼ੀਆਂ ਤੇ ਗਮਾਂ ਦੇ ਸਮਾਗਮ ਵੀ ਇੱਥੇ ਕਰਦੇ ਹਨ | ਗੁਰਦੁਆਰਾ ਹੈੱਡ ਦਰਬਾਰ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਛੋਟੇ ਸੰਤ ਬਾਬਾ ਅਵਤਾਰ ਸਿੰਘ ਅਨੁਸਾਰ, ਸੰਤ ਬਾਬਾ ਖੁਸ਼ਹਾਲ ਸਿੰਘ ਸੰਸਾਰ ਤਿਆਗਣ ਤੋਂ ਪਹਿਲਾਂ ਆਪਣੇ ਬਸਤਰ, ਬਕਸਾ ਤੇ ਹੋਰ ਤਿਆਰੀਆਂ ਖੁਦ ਕਰ ਗਏ ਸਨ | ਸਤਨਾਮ ਸਿੰਘ ਸੱਤੀ