ਪੁਰਖਾਲੀ, 26 ਮਈ (ਅੰਮਿ੍ਤਪਾਲ ਸਿੰਘ ਬੰਟੀ)-ਪੀ ਐਮ ਸ੍ਰੀ ਕੇਂਦਰੀ ਵਿਦਿਆਲਿਆ ਖ਼ਾਨਪੁਰ ਵਿਖੇ ਦਾਖਲਾ ਜਾਗਰੂਕਤਾ ਮੁਹਿੰਮ ਤਹਿਤ ਇੱਕ ਸਮਾਗਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਸਕੂਲ ਦੇ ਨੇੜਲੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਮਾਪਿਆਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵੀ ਐਮ ਸੀ ਮੈਂਬਰ ਡਾ. ਚਮਨਜੀਤ ਕੌਰ, ਸੂਬੇਦਾਰ ਜਰਨੈਲ ਸਿੰਘ ਅਤੇ ਸਰਪੰਚ ਘਨੌਲੀ ਕੁਲਦੀਪ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਪਿ੍ੰਸੀਪਲ ਵਲੋਂ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕਰਕੇ ਕੀਤੀ ਗਈ | ਇਸ ਦੌਰਾਨ ਦੌਰਾਨ ਸਰਪੰਚ ਮਗਰੋੜ ਜਗਜੀਤ ਸਿੰਘ, ਸਰਪੰਚ ਫਤਿਹਪੁਰ ਜਗਮੇਲ ਸਿੰਘ, ਸਰਪੰਚ ਸਰਾੜੀ ਅਜਾਇਬ ਸਿੰਘ ਅਤੇ ਸਰਪੰਚ ਪੁਰਖਾਲੀ ਨਿਰਮਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੌਰਾਨ ਕੇਂਦਰੀ ਵਿਦਿਆਲਿਆ ਸੰਗਠਨ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ ਅਤੇ ਪੀ ਐਮ ਸ੍ਰੀ ਕੇਂਦਰੀ ਵਿਦਿਆਲਿਆ ਖ਼ਾਨਪੁਰ ਦੀਆਂ ਪ੍ਰਾਪਤੀਆਂ ਅਤੇ ਵਿਦਿਆਰਥੀਆਂ ਲਈ ਉਪਲਬਧ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ ਗਿਆ | ਡਾ. ਚਮਨਜੀਤ ਕੌਰ ਨੇ ਆਪਣੇ ਪ੍ਰੇਰਣਾਦਾਇਕ ਵਿਚਾਰਾਂ ਰਾਹੀਂ ਮਾਪਿਆਂ ਅਤੇ ਪਿੰਡ ਵਾਸੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਪ੍ਰਤੀ ਜਾਗਰੂਕ ਕੀਤਾ | ਇਸ ਤੋਂ ਇਲਾਵਾ ਸੂਬੇਦਾਰ ਜਰਨੈਲ ਸਿੰਘ ਅਤੇ ਸਰਪੰਚ ਘਨੌਲੀ ਕੁਲਦੀਪ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕੇਂਦਰੀ ਵਿਦਿਆਲਿਆ ਦੀ ਭਰਪੂਰ ਸਰਾਹਨਾ ਕੀਤੀ | ਇਸ ਮੌਕੇ ਐਡਮਿਸ਼ਨ ਇੰਚਾਰਜ ਗੁਰਮੁਖ ਸਿੰਘ ਅਤੇ ਰਾਮ ਲਾਲ ਨੇ ਕੇਂਦਰੀ ਵਿਦਿਆਲਿਆ ਦੀਆਂ ਨੀਤੀਆਂ, ਆਧੁਨਿਕ ਸੁਵਿਧਾਵਾਂ ਅਤੇ ਵਿਦਿਆਰਥੀਆਂ ਦੇ ਭਵਿੱਖ ਲਈ ਇਸ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸਮਾਗਮ ਨੂੰ ਸਫਲ ਬਣਾਉਣ ਵਿਚ ਸ੍ਰੀਮਤੀ ਸੁਰੇਸ਼ ਕੁਮਾਰੀ ਨੇ ਵੀ ਮਹੱਤਵਪੂਰਨ ਯੋਗਦਾਨ ਪਾਇਆ |