ਸ਼੍ਰੀ ਅਨੰਦਪੁਰ ਸਾਹਿਬ, 26 ਮਈ (ਜੇ ਐਸ ਨਿੱਕੂਵਾਲ)-ਨਗਰ ਕੌਂਸਲ ਚੋਣਾਂ ਦੌਰਾਨ ;੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਬਣਾਏ ਗਏ ਪੋਲਿੰਗ ਬੂਥ 'ਤੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੇ ਪੰਜਾਬ ਭਾਜਪਾ ਦੇ ਸਾਬਕਾ ਬੁਲਾਰੇ ਅਤੇ ਸਾਬਕਾ ਸਕੱਤਰ ਐਡ. ਅਰਵਿੰਦ ਮਿੱਤਲ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ |ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰੀ ਤੰਤਰ ਦੀ ਸ਼ਹਿ 'ਤੇ ਪਹਿਲਾਂ ਗ਼ਲਤ ਵਾਰਡਬੰਦੀ ਕੀਤੀ ਗਈ ਅਤੇ ਬਾਅਦ ਵਿਚ ਵੋਟਰ ਸੂਚੀਆਂ ਵਿਚ ਉਥਲ-ਪੁਥਲ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਫ਼ਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਨੰਗਲ ਨਗਰ ਕੌਂਸਲ 'ਤੇ ਭਾਜਪਾ ਚਾਰ ਵਾਰ ਕਬਜ਼ਾ ਕਰ ਚੁੱਕੀ ਹੈ, ਜਦਕਿ ਸ਼੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਵਿਚ ਵੀ ਅਕਾਲੀ-ਭਾਜਪਾ ਗੱਠਜੋੜ ਕਈ ਵਾਰ ਜਿੱਤ ਦਰਜ ਕਰਦਾ ਰਿਹਾ ਹੈ | ਇਸ ਲਈ ਉਹ ਸਰਕਾਰ ਵਿਰੋਧੀ ਉਮੀਦਵਾਰਾਂ ਨੂੰ ਸਮਰਥਨ ਦੇ ਰਹੇ ਹਨ ਤਾਂ ਜੋ ਆਮ ਆਦਮੀ ਪਾਰਟੀ ਨੂੰ ਹਰਾਇਆ ਜਾ ਸਕੇ | ਇਸ ਦੌਰਾਨ ਐਡਵੋਕੇਟ ਅਰਵਿੰਦ ਮਿੱਤਲ ਨੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ ਅਤੇ ਆਜ਼ਾਦ ਉਮੀਦਵਾਰ ਐਡਵੋਕੇਟ ਪਰਮਵੀਰ ਸਿੰਘ ਰਾਣਾ ਨੂੰ ਗਲੇ ਮਿਲ ਕੇ ਭਾਈਚਾਰਕ ਸਾਂਝ ਅਤੇ ਆਪਸੀ ਸਦਭਾਵਨਾ ਦਾ ਸੁਨੇਹਾ ਵੀ ਦਿੱਤਾ | ਉਨ੍ਹਾਂ ਕਿਹਾ ਕਿ ਚੋਣਾਂ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਲੜੀਆਂ ਜਾਂਦੀਆਂ ਹਨ, ਇਸ ਵਿਚ ਕੋਈ ਨਿੱਜੀ ਦੁਸ਼ਮਣੀ ਨਹੀਂ ਹੁੰਦੀ | ਜੋ ਵੀ ਉਮੀਦਵਾਰ ਜਿੱਤੇਗਾ, ਉਹ ਲੋਕਾਂ ਦੀ ਸੇਵਾ ਲਈ ਕੰਮ ਕਰੇਗਾ | ਇਸ ਮੌਕੇ ਸਾਬਕਾ ਸਰਪੰਚ ਠੇਕੇਦਾਰ ਜਰਨੈਲ ਸਿੰਘ, ਧਰਮ ਸਿੰਘ ਨਿੱਕੂਵਾਲ, ਗੁਰਵਿੰਦਰ ਸਿੰਘ ਹੈਪੀ, ਕੁਲਦੀਪ ਪਾਠਕ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ |