ਪੰਚਕੂਲਾ, 27 ਮਈ (ਕਪਿਲ)- ਪੰਚਕੂਲਾ ਪੁਲਿਸ ਵਲੋਂ ਜਾਅਲੀ ਦਸਤਾਵੇਜ਼ਾਂ ਤੇ ਫਰਜ਼ੀ ਪਛਾਣ-ਪੱਤਰਾਂ ਦੇ ਆਧਾਰ 'ਤੇ ਅਦਾਲਤ ਨੂੰ ਗੁੰਮਰਾਹ ਕਰਕੇ ਜ਼ਮਾਨਤ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ | ਇਸ ਮਾਮਲੇ 'ਚ ਤਿੰਨ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਾਫ਼ੀ ਸਮੇਂ ਤੋਂ ਵੱਖ-ਵੱਖ ਜ਼ਿਲਿ੍ਹਆਂ 'ਚ ਜਾਅਲੀ ਦਸਤਾਵੇਜ਼ਾਂ ਤੇ ਫਰਜ਼ੀ ਪਛਾਣ-ਪੱਤਰਾਂ ਰਾਹੀਂ ਲੋਕਾਂ ਦੀ ਜ਼ਮਾਨਤ ਕਰਵਾਉਣ ਦਾ ਨੈੱਟਵਰਕ ਚਲਾ ਰਹੇ ਸਨ | ਜਾਣਕਾਰੀ ਅਨੁਸਾਰ ਪੰਚਕੂਲਾ ਅਦਾਲਤ 'ਚ ਇਕ ਮੁਲਜ਼ਮ ਦੀ ਜ਼ਮਾਨਤ ਪ੍ਰਕਿਰਿਆ ਦੌਰਾਨ ਅਦਾਲਤ ਨੂੰ ਕੁਝ ਸ਼ੱਕ ਹੋਇਆ, ਜਦੋਂ ਇਕ ਵਿਅਕਤੀ ਵਲੋਂ ਪੇਸ਼ ਕੀਤੇ ਗਏ ਜ਼ਮਾਨਤੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਤਾਂ ਗੰਭੀਰ ਗੜਬੜੀਆਂ ਸਾਹਮਣੇ ਆਈਆਂ | ਜਾਂਚ ਦੌਰਾਨ ਪਤਾ ਚੱਲਿਆ ਕਿ ਸੰਬੰਧਿਤ ਵਿਅਕਤੀ ਪਹਿਲਾਂ ਵੀ 16 ਤੋਂ ਵੱਧ ਮਾਮਲਿਆਂ 'ਚ ਜ਼ਮਾਨਤੀ ਬਣ ਚੁੱਕਾ ਸੀ ਜਦਕਿ ਉਸ ਨੇ ਅਦਾਲਤ 'ਚ ਗੁੰਮਰਾਹ ਕਰਨ ਵਾਲੀ ਜਾਣਕਾਰੀ ਦਿੱਤੀ ਸੀ | ਆਧਾਰ ਕਾਰਡ ਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਵੀ ਕਾਗਜ਼ਾਤ ਸ਼ੱਕੀ ਪਾਏ ਗਏ ਜਿਸ ਤੋਂ ਬਾਅਦ ਅਦਾਲਤ ਨੇ ਤੁਰੰਤ ਥਾਣਾ ਸੈਕਟਰ-7 ਦੀ ਪੁਲਿਸ ਨੂੰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ | ਮਾਮਲੇ ਦੀ ਜਾਂਚ ਸੈਕਟਰ-1 ਚੌਕੀ 'ਚ ਤਾਇਨਾਤ ਜਾਂਚ ਅਧਿਕਾਰੀ ਏ. ਐਸ. ਆਈ. ਨਿਰਮਲ ਸਿੰਘ ਵਲੋਂ ਕੀਤੀ ਜਾ ਰਹੀ ਹੈ | ਜਾਂਚ ਦੌਰਾਨ ਪੁਲਿਸ ਨੇ 25 ਮਈ ਨੂੰ ਕਰਨਾਲ ਦੇ ਰਹਿਣ ਵਾਲੇ ਰਾਜਿੰਦਰ ਸਿੰਘ ਤੇ ਮਹਿਲਾ ਕਿ੍ਸ਼ਨਾ ਸਮੇਤ ਪੰਚਕੂਲਾ ਦੇ ਰਹਿਣ ਵਾਲੇ ਆਸ਼ੀਸ਼ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ | ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਹ ਗਰੋਹ ਕਥਿਤ ਤੌਰ 'ਤੇ ਜਾਅਲੀ ਜ਼ਮਾਨਤੀ ਕਾਗਜ਼ ਤਿਆਰ ਕਰਕੇ ਵੱਖ-ਵੱਖ ਜ਼ਿਲਿ੍ਹਆਂ 'ਚ ਲੋਕਾਂ ਦੀ ਜ਼ਮਾਨਤ ਕਰਵਾਉਂਦੇ ਸਨ | ਮੁਲਜ਼ਮਾਂ ਵਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਵਲੋਂ ਕਰਨਾਲ ਤੋਂ ਜਾਅਲੀ ਮੋਹਰਾਂ ਬਰਾਮਦ ਕੀਤੀਆਂ ਗਈਆਂ | ਇਸ ਤੋਂ ਪੁਲਿਸ ਵਲੋਂ ਇਨ੍ਹਾਂ ਦੇ ਹੋਰਨਾਂ ਸਾਥੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ | ਡੀ.ਸੀ. ਪੀ. ਪੰਚਕੂਲਾ ਸਿ੍ਸ਼ਟੀ ਗੁਪਤਾ ਨੇ ਦੱਸਿਆ ਕਿ ਇਹ ਮਾਮਲਾ ਸਿਰਫ਼ ਫਰਜ਼ੀ ਜ਼ਮਾਨਤ ਤੱਕ ਸੀਮਿਤ ਨਹੀਂ ਹੈ, ਸਗੋਂ ਇਸ 'ਚ ਜਾਅਲੀ ਦਸਤਾਵੇਜ਼, ਫਰਜ਼ੀ ਪਛਾਣ ਤੇ ਅਪਰਾਧਿਕ ਸਾਜ਼ਿਸ਼ ਵਰਗੇ ਗੰਭੀਰ ਪੱਖਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਕਿ ਰਾਜਿੰਦਰ ਸਿੰਘ ਅਤੇ ਕਿ੍ਸ਼ਨਾ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ, ਜਦਕਿ ਤੀਜੇ ਮੁਲਜ਼ਮ ਆਸ਼ੀਸ਼ ਕੁਮਾਰ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |