ਰੂਪਨਗਰ, 27 ਮਈ (ਯਸ਼ਵੰਤ ਬੱਸੀ)- ਕਿ੍ਸ਼ੀ ਵਿਗਿਆਨ ਕੇਂਦਰ ਰੂਪਨਗਰ ਵਲੋਂ ਪਸੂ ਪਾਲਕਾਂ ਦਾ ਡੇਅਰੀ ਫਾਰਮਿੰਗ ਵਿਸ਼ੇ 'ਤੇ 15 ਦਿਨਾ ਸਿਖਲਾਈ ਕੋਰਸ ਡਾ. ਸਤਬੀਰ ਸਿੰਘ ਦੀ ਅਗਵਾਈ ਵਿਚ ਲਗਾਇਆ ਗਿਆ | ਪ੍ਰੋਗਰਾਮ ਵਿਚ ਜ਼ਿਲ੍ਹੇ ਦੇ 23 ਪਸ਼ੂ-ਪਾਲਕ ਕਿਸਾਨਾਂ ਨੇ ਹਿੱਸਾ ਲਿਆ | ਸਿਖਲਾਈ ਕੋਰਸ ਦੇ ਕੋਆਰਡੀਨੇਟਰ ਡਾ. ਅਪਰਣਾ (ਪਸ਼ੂ ਵਿਗਿਆਨ) ਨੇ ਦੱਸਿਆ ਕਿ ਪਾਠਕ੍ਰਮ ਵਿਚ ਪਸ਼ੂਆਂ ਦੀ ਬਰੀਡਿੰਗ, ਖ਼ੁਰਾਕ, ਰਹਿਣ-ਸਹਿਣ ਤੇ ਬਿਮਾਰੀਆਂ ਦੇ ਪ੍ਰਬੰਧਨ 'ਤੇ ਜ਼ੋਰ ਦਿੱਤਾ ਗਿਆ | ਵਿਸ਼ੇਸ਼ ਸੈਸ਼ਨਾਂ ਵਿਚ ਐਂਟੀਮਾਈਕ੍ਰੋਬੀਅਲ ਰੋਧ ਤੇ ਜਨੋਸਿਸ ਨੂੰ ਘਟਾਉਣ ਲਈ ਬਾਇਓ ਸਕਿਉਰਿਟੀ, ਗੈਰ-ਰਵਾਇਤੀ ਖ਼ੁਰਾਕ ਸਰੋਤਾਂ, ਵੈਸਟ ਮੈਨੇਜਮੈਂਟ ਤੇ ਵੀ ਚਰਚਾ ਕੀਤੀ ਗਈ | ਦੁੱਧ ਦੀ ਗੁਣਵੱਤਾ ਜਾਂਚ ਤੇ ਬਿਮਾਰੀਆਂ ਦੀ ਸ਼ੁਰੂਆਤੀ ਪੜਾਅ ਵਿਚ ਪਛਾਣ ਕਰਨ ਲਈ ਪੈ੍ਰਕਟੀਕਲ ਰਾਹੀਂ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਤੋਂ ਇਲਾਵਾ ਸਾਇਲੇਜ ਬਣਾਉਣ ਤੇ ਅਫਲਾਟਾਕਸਿਨ ਪ੍ਰਬੰਧਨ ਬਾਰੇ ਵਿਸ਼ੇਸ਼ ਗਿਆਨ ਸਲਾਹ ਲਈ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨਾਲ ਪੈਨਲ ਚਰਚਾ ਕੀਤੀ ਗਈ | ਸਿਖਲਾਈ ਕੋਰਸ ਦੌਰਾਨ ਡੇਅਰੀ ਫਾਰਮਿੰਗ ਸੰਬੰਧੀ ਸਾਹਿੱਤ ਸਿੱਖਿਆਰਥੀਆਂ ਨੂੰ ਉਪਲਬਧ ਕਰਵਾਇਆ ਗਿਆ |