ਪੁਰਖਾਲੀ, 27 ਮਈ (ਅੰਮਿ੍ਤਪਾਲ ਸਿੰਘ ਬੰਟੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁਰਖਾਲੀ ਵਿਖੇ ਸਿਹਤ ਵਿਭਾਗ ਹਿਰਦਾਪੁਰ ਦੀ ਟੀਮ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਇੱਕ ਵਿਸ਼ੇਸ਼ ਸਿਹਤ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਸਕੂਲ ਦੇ 10 ਸਾਲ ਤੋਂ 19 ਸਾਲ ਤੱਕ ਦੇ ਬੱਚਿਆਂ ਦਾ ਐਚ.ਬੀ. (ਹੀਮੋਗਲੋਬਿਨ) ਟੈਸਟ ਕੀਤਾ ਗਿਆ ਤਾਂ ਜੋ ਉਨ੍ਹਾਂ ਵਿਚ ਖ਼ੂਨ ਦੀ ਕਮੀ ਦਾ ਪਤਾ ਲਗਾਇਆ ਜਾ ਸਕੇ | ਇਸ ਮੌਕੇ ਟੀਮ ਵਲੋਂ ਵਿਦਿਆਰਥੀਆਂ ਨੂੰ 'ਅਨੀਮੀਆ' (ਖ਼ੂਨ ਦੀ ਕਮੀ) ਦੇ ਲੱਛਣਾਂ ਤੇ ਇਸ ਦੇ ਸਿਹਤ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ | ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਟੀਮ ਤੇ ਅਧਿਆਪਕਾਂ ਨੇ ਕਿਹਾ ਕਿ ਅਨੀਮੀਆ ਤੋਂ ਬਚਣ ਲਈ ਬਾਹਰਲੇ ਫਾਸਟ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਰੋਜ਼ਾਨਾ ਦੀ ਖੁਰਾਕ ਵਿਚ ਆਇਰਨ ਭਰਪੂਰ ਭੋਜਨ (ਜਿਵੇਂ ਹਰੀਆਂ ਪੱਤੇਦਾਰ ਸਬਜ਼ੀਆਂ, ਗੁੜ, ਚਣੇ ਤੇ ਮੌਸਮੀ ਫਲ) ਸ਼ਾਮਲ ਕਰਨਾ ਚਾਹੀਦਾ ਹੈ | ਸਕੂਲ ਪਿ੍ੰਸੀਪਲ ਰਾਜੇਸ਼ ਜੈਨ ਵਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਐਸ.ਆਈ. ਜਗਦੀਸ਼ ਸਿੰਘ, ਐਲ.ਐਚ.ਵੀ. ਪ੍ਰੋਮਿਲਾ ਦੇਵੀ, ਸੀ.ਐਚ.ਓ. ਰਾਜਪਾਲ ਕੌਰ, ਹੈਲਥ ਵਰਕਰ ਵਿਸ਼ਾਲ ਮੋਹਨ ਸ਼ਰਮਾ, ਏ.ਐਨ.ਐਮ. ਹਰਜੀਤ ਕੌਰ ਤੇ ਸਕੂਲ ਸਟਾਫ਼ ਹਾਜ਼ਰ ਸਨ |