ਮੋਰਿੰਡਾ, 27 ਮਈ (ਪਿ੍ਤਪਾਲ ਸਿੰਘ)- ਕੇਂਦਰ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ 'ਚ ਵਾਰ-ਵਾਰ ਵਾਧਾ ਕਰਕੇ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦਾ ਖ਼ੂਨ ਨਿਚੋੜਿਆ ਜਾ ਰਿਹਾ ਹੈ | ਇਹ ਵਿਚਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸਵਰਨ ਸਿੰਘ ਢੰਗਰਾਲੀ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਪਿੰਡ ਦਾਤਾਰਪੁਰ ਦੀ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਸੰਘਰਸ਼ ਕਮੇਟੀ ਦੇ ਪ੍ਰੈੱਸ ਸਕੱਤਰ ਸੁਰਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਇਹ ਮੀਟਿੰਗ ਮੀਤ ਪ੍ਰਧਾਨ ਜਸਵੀਰ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੇਂਦਰ ਸਰਕਾਰ ਵਲੋਂ ਪਿਛਲੇ 12 ਦਿਨਾਂ ਦੌਰਾਨ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਵਾਰ-ਵਾਰ ਕੀਤੇ ਗਏ ਵਾਧੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਵਾਧੇ ਨੂੰ ਜਨਤਾ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਲਾ ਕਦਮ ਦੱਸਿਆ ਹੈ | ਇਸ ਮੌਕੇ ਸਵਰਨ ਸਿੰਘ ਢੰਗਰਾਲੀ ਕਿਹਾ ਕਿ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਨਾਲ ਝੋਨਾ ਤੇ ਦੂਜੀਆਂ ਫ਼ਸਲਾਂ ਦੇ ਲਾਗਤ ਖਰਚਿਆਂ 'ਚ ਭਾਰੀ ਵਾਧਾ ਹੋਵੇਗਾ | ਫ਼ਸਲ ਨੂੰ ਖੇਤਾਂ ਤੋਂ ਮੰਡੀਆਂ ਤੱਕ ਪਹੁੰਚਾਉਣ ਦਾ ਖਰਚ ਵਧਣ ਕਾਰਨ ਕਿਸਾਨਾਂ ਦੀ ਸ਼ੁੱਧ ਆਮਦਨ ਲਗਾਤਾਰ ਘਟ ਰਹੀ ਹੈ ਜਦਕਿ ਫ਼ਸਲਾਂ ਦੇ ਭਾਅ (ਐਮ.ਐਸ.ਪੀ.) ਉਸ ਅਨੁਪਾਤ 'ਚ ਨਹੀਂ ਵਧ ਰਹੇ | ਉਨ੍ਹਾਂ ਕਿਹਾ ਕਿ ਡੀਜ਼ਲ-ਪੈਟਰੋਲ ਮਹਿੰਗਾ ਹੋਣ ਨਾਲ ਟਰਾਂਸਪੋਰਟੇਸ਼ਨ (ਭਾੜਾ) ਮਹਿੰਗਾ ਹੋ ਗਿਆ ਹੈ ਜਿਸ ਕਾਰਨ ਦੁੱਧ, ਸਬਜ਼ੀਆਂ, ਫਲ, ਦਾਲਾਂ ਤੇ ਹੋਰ ਘਰੇਲੂ ਵਸਤੂਆਂ ਮਹਿੰਗੀਆਂ ਹੋ ਰਹੀਆਂ ਹਨ | ਮਜ਼ਦੂਰ ਤੇ ਮੁਲਾਜ਼ਮ ਵਰਗ, ਜੋ ਰੋਜ਼ਾਨਾ ਮੋਟਰਸਾਈਕਲਾਂ ਜਾਂ ਬੱਸਾਂ ਰਾਹੀਂ ਕੰਮ-ਧੰਦਿਆਂ 'ਤੇ ਜਾਂਦੇ ਹਨ, ਉਨ੍ਹਾਂ ਦੀ ਕਮਾਈ ਦਾ ਇੱਕ ਵੱਡਾ ਹਿੱਸਾ ਸਫ਼ਰ ਦੇ ਖਰਚੇ ਵਿਚ ਹੀ ਉੱਡ ਰਿਹਾ ਹੈ | ਇਸ ਮੌਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਧਾਈਆਂ ਗਈਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਤੁਰੰਤ ਵਾਪਸ ਲਈਆਂ ਜਾਣ | ਇਸ ਮੌਕੇ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਦੇ ਘਰ ਪੰਜਾਬ ਪੁਲਸ ਦੀ ਛਾਪੇਮਾਰੀ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਲੋਕਤੰਤਰ ਦਾ ਘਾਣ ਤੇ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰੀ 'ਤੇ ਕਰੂਰ ਹਮਲਾ ਦੱਸਿਆ | ਇਸ ਮੌਕੇ ਕੁਲਵੀਰ ਸਿੰਘ ਦਾਤਾਰਪੁਰ, ਖ਼ਜਾਨਚੀ ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਸਜਣ ਸਿੰਘ ਬਡਵਾਲੀ ਤੇ ਰਣਜੋਧ ਸਿੰਘ ਬਾਠ ਆਦਿ ਹਾਜ਼ਰ ਸਨ |