ਪੁਰਖਾਲੀ, 27 ਮਈ (ਅੰਮਿ੍ਤਪਾਲ ਸਿੰਘ ਬੰਟੀ)- ਸਰਾੜੀ ਤੇ ਅਕਬਰਪੁਰ ਸਨਾਣਾ ਦੇ ਲੋਕ ਭੱਠਿਆਂ ਅਤੇ ਹੋਰ ਥਾਵਾਂ ਲਈ ਦਿਨ ਰਾਤ ਹੋ ਰਹੀ ਨਜਾਇਜ਼ ਮਾਈਨਿੰਗ ਤੋਂ ਪ੍ਰੇਸ਼ਾਨ ਹੋਏ ਪਏ ਹਨ ਜਿਸ ਕਾਰਨ ਪਿੰਡਾਂ ਦੇ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਸਰਾੜੀ ਚਾਰ-ਪੰਜ ਜੇ. ਸੀ. ਬੀ. ਮਸ਼ੀਨਾਂ ਤੇ ਵੀਹ ਤੋਂ ਵੱਧ ਟਰਾਲੀਆਂ ਟਰੈਕਟਰ ਦਿਨ ਰਾਤ ਚੱਲ ਰਹੇ ਹਨ | ਸੜਕਾਂ ਅਤੇ ਕੱਚੇ ਰਸਤਿਆਂ ਦਾ ਬੁਰਾ ਹਾਲ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਸਵੇਰੇ ਸਕੂਲ ਵਾਲੇ ਬੱਚੇ ਜਦੋਂ ਪੜ੍ਹਨ ਲਈ ਜਾਂਦੇ ਹਨ ਤਾਂ ਉਨ੍ਹਾਂ ਦੀ ਵਰਦੀ ਮਿੱਟੀ ਧੂੜ ਨਾਲ ਭਰ ਜਾਂਦੀ ਹੈ | ਇਸ ਤੋਂ ਇਲਾਵਾ ਟਰੈਕਟਰ-ਟਰਾਲੀਆਂ ਦੀ ਧੂੜ ਚਾਰੇ 'ਤੇ ਪੈਣ ਕਾਰਨ ਪਸ਼ੂਆਂ ਨੇ ਚਾਰਾ ਖਾਣਾ ਛੱਡ ਦਿੱਤਾ ਹੈ | ਪਿੰਡ ਵਾਸੀਆਂ ਨੇ ਦੱਸਿਆ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਕੋਈ ਪਾਣੀ ਨਹੀਂ ਛਿੜਕਦਾ ਅਤੇ ਨਾ ਹੀ ਲੰਘਣ ਲਈ ਰਸਤਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕ ਬਿਜਲੀ ਕੱਟਾਂ ਨੇ ਸਤਾਏ ਹੋਏ ਹਨ ਦੂਜੇ ਪਾਸੇ ਉੱਡ ਰਹੀ ਮਿੱਟੀ ਧੂੜ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਇਸ ਖੇਤਰ ਤੋਂ ਮਿੱਟੀ ਬਾਗਵਾਲੀ ਤੇ ਇਲਾਕੇ 'ਚ ਹੋਰ ਥਾਵਾਂ 'ਤੇ ਸਪਲਾਈ ਹੋ ਰਹੀ ਹੈ | ਇਸ ਤੋਂ ਇਲਾਵਾ ਅਕਬਰਪੁਰ ਖੇਤਰ ਦੇ ਲੋਕਾਂ ਨੇ ਦੱਸਿਆ ਕਿ ਭੱਠਿਆਂ ਲਈ ਚੱਲ ਰਹੀ ਮਾਈਨਿੰਗ ਦੇ ਓਵਰਲੋਡ ਟਿੱਪਰਾਂ ਤੋਂ ਕਾਫ਼ੀ ਪ੍ਰੇਸ਼ਾਨ ਹਨ ਜਿਸ ਨੂੰ ਲੈ ਕੇ ਮਾਈਨਿੰਗ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਚੁੱਪ ਧਾਰੀ ਬੈਠਾ ਹੈ | ਇਸ ਸੰਬੰਧੀ ਵਿਭਾਗ ਦੇ ਜੇ. ਈ. ਸਬ ਡਵੀਜ਼ਨ ਮੋਰਿੰਡਾ ਨੇ ਕਿਹਾ ਕਿ ਜੋ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਨਾਜਾਇਜ਼ ਮਾਈਨਿੰਗ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਸਾਡੀ ਇਸ ਮੁਸ਼ਕਿਲ ਵੱਲ ਧਿਆਨ ਦਿੱਤਾ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ |