ਸ੍ਰੀ ਚਮਕੌਰ ਸਾਹਿਬ, 30 ਮਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਦੀ ਨਗਰ ਕੌਂਸਲ ਚੋਣ ਵਿਚ ਬਹੁਤ ਕੁੱਝ ਰੋਚਕ ਵੇਖਣ ਨੂੰ ਮਿਲਿਆ | ਸ੍ਰੀ ਚਮਕੌਰ ਸਾਹਿਬ ਦੇ 13 ਵਾਰਡਾਂ ਵਿਚੋਂ ਦੋ ਵਾਰਡਾਂ ਵਿਚ ਨਿਰਵਿਰੋਧ ਚੋਣ ਹੋਣ ਤੋਂ ਬਾਅਦ 11 ਵਾਰਡਾਂ ਵਿਚ ਹੋਏ ਮਤਦਾਨ ਵਿਚ ਸ੍ਰੀ ਚਮਕੌਰ ਸਾਹਿਬ ਦੇ 11 ਵਾਰਡਾਂ ਦੀ ਕੁੱਲ 9576 ਵੋਟਾਂ ਵਿਚੋਂ 7314 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਿਨ੍ਹਾਂ ਵਿਚੋਂ 16 ਨੋਟਾਂ, 173 ਵੋਟ ਰੱਦ ਹੋਈ, ਸਭ ਤੋਂ ਵੱਧ 40 ਰੱਦ ਵੋਟਾਂ ਵਾਰਡ ਨੰਬਰ ਵਿਚ 2 ਵਿਚ ਹੈ | ਇਨ੍ਹਾਂ ਚੋਣਾਂ ਵਿਚ ਕਾਂਗਰਸ ਨੇ 2843, ਆਮ ਆਦਮੀ ਪਾਰਟੀ ਨੇ 1886, ਸ਼ੋ੍ਰਮਣੀ ਅਕਾਲੀ ਦਲ ਨੇ 208, ਭਾਜਪਾ ਨੇ ਸਿਰਫ਼ 89 ਅਤੇ ਆਜ਼ਾਦ ਉਮੀਦਵਾਰਾਂ ਨੇ 2112 ਵੋਟਾਂ ਹਾਸਲ ਕੀਤੀਆਂ ਹਨ | ਇਨ੍ਹਾਂ ਵੋਟਾਂ ਵਿਚ ਸਭ ਤੋਂ ਵੱਡੀ ਜਿੱਤ ਵਾਰਡ ਨੰਬਰ 5 ਵਿਚ ਕਾਂਗਰਸੀ ਉਮੀਦਵਾਰ ਕਿਰਪਾਲ ਸਿੰਘ ਗਿੱਲ (377) ਨੇ ਆਪ ਦੇ ਭੁਪਿੰਦਰ ਸਿੰਘ (87) ਨੂੰ 290 ਵੋਟਾਂ ਨਾਲ ਹਰਾਇਆ ਜੱਦੋ ਕਿ ਸਭ ਤੋਂ ਘੱਟ ਵੋਟਾਂ ਦੇ ਅੰਤਰ ਵਾਰਡ ਨੰਬਰ 2 ਵਿਚ ਆਪ ਦੇ ਵਿਸ਼ਾਲ ਕਸੱਯਪ (354) ਨੇ ਪਿਛਲੇ ਕਾਂਗਰਸੀ ਕੌਂਸਲਰ (ਇੰਦਰਪਾਲ ਸਿੰਘ ਲਾਲੀ (338) ਨੂੰ 16 ਵੋਟਾਂ ਦੇ ਫ਼ਰਕ ਨਾਲ ਹਰਾਇਆ | ਇੱਥੇ ਦੱਸਣਯੋਗ ਹੈ ਕਿ ਕਾਂਗਰਸ ਅਤੇ ਆਪ ਨੇ 10-10 ਉਮੀਦਵਾਰ ਖੜੇ ਕੀਤੇ ਸਨ, ਜਿਨ੍ਹਾਂ ਵਿਚੋਂ 12 ਨੰਬਰ ਵਾਰਡ ਤੋਂ ਕਾਂਗਰਸੀ ਹਰਜੀਤ ਕੌਰ ਭੰਗੂ ਅਤੇ ਵਾਰਡ ਨੰਬਰ 4 ਤੋਂ ਆਪ ਦੇ ਉਮੀਦਵਾਰ ਸੰਦੀਪ ਕੌਰ ਕਾਂਗਰਸੀ ਉਮੀਦਵਾਰ ਦਾ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਨਿਰਵਿਰੋਧ ਚੁਣੇ ਗਏ ਸਨ | ਇਸ ਤਰਾਂ ਦੋਵੇਂ ਪ੍ਰਮੁੱਖ ਪਾਰਟੀਆਂ ਦੇ 9-9 ਉਮੀਦਵਾਰ ਸਨ, ਸ਼ੋ੍ਰਮਣੀ ਅਕਾਲੀ ਦਲ ਦੇ 3, ਭਾਜਪਾ ਦੇ 4 ਅਤੇ 13 ਆਜ਼ਾਦ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਆਪ ਦੇ ਵਿਸ਼ਾਲ ਕਸੱਯਪ ਅਤੇ ਉਨ੍ਹਾਂ ਦੀ ਮਾਤਾ ਰੀਟਾ ਕਸੱਯਪ ਦੋਵਾਂ ਨੇ ਚੋਣ ਲੜੀ ਤੇ ਦੋਵੇਂ ਜੇਤੂ ਰਹੇ | ਹਰਜੀਤ ਕੌਰ ਭੰਗੂ ਲਗਾਤਾਰ ਚੌਥੀ ਵਾਰ, ਕਿਰਪਾਲ ਸਿੰਘ ਗਿੱਲ ਲਗਾਤਾਰ ਤੀਜੀ ਵਾਰ ਹਰਜਿੰਦਰ ਕੌਰ (ਰਾਏਪੁਰ) ਤੇ ਸੰਦੀਪ ਕੌਰ ਦੂਜੀ ਵਾਰ ਜੇਤੂ ਬਣੇ | ਇਸੇ ਤਰਾਂ ਪਿਛਲੇ ਕੌਂਸਲਰਾਂ 'ਚ ਸੁਖਵੀਰ ਸਿੰਘ ਤੇ ਉਨ੍ਹਾਂ ਦੀ ਪਤਨੀ, ਪਰਮਜੀਤ ਕੌਰ ਤੇ ਉਨ੍ਹਾਂ ਦੇ ਪਤੀ, ਹਰਜੀਤ ਕੌਰ, ਕਮਲੇਸ਼ ਵਰਮਾ, ਗੁਰਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਆਸ਼ਾ, ਪਿਛਲੀ ਟਰਮ ਵਿਚ ਮੀਤ ਪ੍ਰਧਾਨ ਰਹੇ ਭੁਪਿੰਦਰ ਸਿੰਘ ਚੋਣ ਹਾਰ ਗਏ |