ਨੂਰਪੁਰ ਬੇਦੀ, 30 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਇਲਾਕੇ ਵਿਚ ਲਾਵਾਰਸ ਕੁੱਤਿਆਂ ਦਾ ਵਧਦਾ ਖ਼ਤਰਾ ਲੋਕਾਂ ਲਈ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ | ਤਾਜ਼ਾ ਮਾਮਲਾ ਪਿੰਡ ਭਾਉਵਾਲ ਤੋਂ ਸਾਹਮਣੇ ਆਇਆ ਹੈ ਜਿੱਥੇ ਲਾਵਾਰਸ ਕੁੱਤਿਆਂ ਦੇ ਝੁੰਡ ਨੇ ਇੱਕ ਵੱਛੀ ਨੂੰ ਨੋਚ ਨੋਚ ਕੇ ਮਾਰ ਮੁਕਾਇਆ | ਜਾਣਕਾਰੀ ਦਿੰਦਿਆਂ ਵੱਛੀ ਦੇ ਮਾਲਕ ਜਗਤਾਰ ਸਿੰਘ ਧਨੋਆ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਦੇ ਨਾਲ ਬਣਾਏ ਵਾੜੇ ਵਿਚ ਹੋਰ ਪਸ਼ੂਆਂ ਸਮੇਤ ਇੱਕ ਛੋਟੀ ਵੱਛੀ ਵੀ ਬੰਨੀ ਹੋਈ ਸੀ | ਰਾਤ ਸਮੇਂ ਅਚਾਨਕ ਲਾਵਾਰਸ ਕੁੱਤਿਆਂ ਨੇ ਪਸ਼ੂਆਂ ਵਾਲੇ ਥਾਂ 'ਤੇ ਹਮਲਾ ਕਰ ਦਿੱਤਾ ਅਤੇ ਵੱਛੀ ਨੂੰ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ | ਜਦੋਂ ਤੱਕ ਪਰਿਵਾਰਕ ਮੈਂਬਰ ਮੌਕੇ 'ਤੇ ਪਹੁੰਚੇ, ਤਦ ਤੱਕ ਵੱਛੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਚੁੱਕੀ ਸੀ ਤੇ ਕੁੱਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ | ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਲਾਵਾਰਸ ਕੁੱਤਿਆਂ ਵਲੋਂ ਪਸ਼ੂਆਂ ਤੇ ਰਾਹਗੀਰਾਂ 'ਤੇ ਹਮਲੇ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ | ਇਸ ਸਬੰਧੀ ਅਕਾਲੀ ਆਗੂ ਹਰਜਿੰਦਰ ਸਿੰਘ ਭਾਉਵਾਲ ਨੇ ਕਿਹਾ ਕਿ ਸਰਕਾਰ ਤੇ ਸੰਬੰਧਿਤ ਵਿਭਾਗ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਲਾਵਾਰਸ ਕੁੱਤਿਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਿੰਡਾਂ 'ਚ ਲੋਕ ਡਰ ਦੇ ਸਾਏ ਹੇਠ ਜੀਵਨ ਬਿਤਾ ਰਹੇ ਹਨ ਤੇ ਛੋਟੇ ਬੱਚਿਆਂ, ਬਜ਼ੁਰਗਾਂ ਤੇ ਪਸ਼ੂਆਂ ਲਈ ਇਹ ਵੱਡਾ ਖ਼ਤਰਾ ਬਣ ਚੁੱਕਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਲਾਵਾਰਸ ਕੁੱਤਿਆਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ |