ਨੰਗਲ, 1 ਜੂਨ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਦੇ 67 ਪਿੰਡਾਂ ਲਈ ਨਹਿਰੀ ਪਾਣੀ ਆਧਾਰਿਤ ਆਧੁਨਿਕ ਸਰਫੇਸ ਵਾਟਰ ਸਪਲਾਈ ਸਕੀਮ ਦਾ ਅੱਜ ਮਾਣਕਪੁਰ ਨੰਗਲ ਵਿਖੇ ਉਦਘਾਟਨ ਕਰਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵਲੋਂ ਲੋਕਾਂ ਨੂੰ ਸਮਰਪਿਤ ਕੀਤੀ ਗਈ | ਬੈਂਸ ਨੇ ਦੱਸਿਆ ਕਿ ਲਗਭਗ 43.46 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਯੋਜਨਾ ਦੀ ਸਮਰੱਥਾ 13 ਐਮ.ਐਲ.ਡੀ. ਹੈ, ਜੋ ਇਲਾਕੇ ਵਿਚ ਪਾਣੀ ਦੀ ਕਮੀ ਨੂੰ ਦੂਰ ਕਰਨ ਵਿਚ ਅਹਿਮ ਭੂਮਿਕਾ ਨਿਭਾਏਗੀ ਅਤੇ ਧਰਤੀ ਹੇਠਲੇ ਪਾਣੀ ਦੀ ਖਪਤ ਨੂੰ ਘਟਾ ਕੇ ਵਾਤਾਵਰਣ ਦੀ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗੀ | ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ ਹੈ | ਇਹ ਸਕੀਮ ਇਲਾਕੇ ਦੇ ਲੋਕਾਂ ਲਈ ਇੱਕ 'ਵਰਦਾਨ' ਸਾਬਤ ਹੋਵੇਗਾ | ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਚੰਗਰ ਇਲਾਕਾ ਲੰਮੇ ਸਮੇਂ ਤੋਂ ਸਿੰਚਾਈ ਲਈ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਸੀ, ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਲਿਫਟ ਇਰੀਗੇਸ਼ਨ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ | ਇਸ ਦੀ ਟੈਸਟਿੰਗ ਜਾਰੀ ਹੈ ਅਤੇ ਜਲਦੀ ਹੀ ਇਹ ਇਲਾਕਾ ਹਰਿਆ-ਭਰਾ ਨਜ਼ਰ ਆਵੇਗਾ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ | ਉਨਾਂ ਨੇ ਕਿਹਾ ਕਿ ਇਸ ਇਲਾਕੇ ਲਈ ਇਹ ਵੱਡੀ ਤਰਾਸਦੀ ਹੈ ਕਿ ਜਿੱਥੇ ਦਰਿਆ ਤੇ ਨਹਿਰਾ ਵਗਦੀਆਂ ਹੋਣ ਉਨਾਂ ਪਿੰਡਾਂ ਦੇ ਲੋਕ ਪਿਛਲੇ 70 ਸਾਲ ਤੋਂ ਪਾਣੀ ਨੂੰ ਤਰਸ ਰਹੇ ਹਨ | ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਣੀ ਦੇ ਸਰੋਤਾਂ ਦੀ ਸੰਭਾਲ ਤੇ ਸੁਚੱਜੇ ਪ੍ਰਬੰਧ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਉਨਾਂ ਕਿਹਾ ਕਿ ਖੇਤਾਂ ਤੱਕ ਪਾਣੀ ਪਹੁੰਚਾ ਕੇ ਨਾ ਸਿਰਫ ਕਿਸਾਨਾਂ ਨੂੰ ਮਦਦ ਮਿਲੀ ਹੈ, ਸਗੋਂ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਵਿਚ ਵੀ ਅਹਿਮ ਯੋਗਦਾਨ ਦਿੱਤਾ ਗਿਆ ਹੈ | ਇਸ ਮੌਕੇ ਚੰਦਰਜਯੋਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਸਚਿਨ ਪਾਠਕ ਐੱਸ.ਡੀ.ਐੱਮ. ਨੰਗਲ, ਨਵੀਨ ਪਾਲ ਡੀ.ਐਸ.ਪੀ, ਡਾ.ਗੌਤਮ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ, ਮੁੱਖ ਇੰਜੀਨੀਅਰ (ਵਾਟਰ ਸਪਲਾਈ) ਜੇ.ਜੇ. ਗੋਇਲ, ਕਰਨਬੀਰ ਸਿੰਘ ਸੁਪਰਡੈਂਟ ਇੰਜੀਨੀਅਰ ਅਨਿਲ ਕੁਮਾਰ,ਕਾਰਜਕਾਰੀ ਇੰਜੀਨੀਅਰ ਹਰਜੀਤਪਾਲ ਸਿੰਘ, ਮਹੇਸ਼ ਕੁਮਾਰ, ਐਗਜ਼ਿਕਿਊਟਿਵ ਇੰਜੀਨੀਅਰ ਨਿਤਿਨ ਕਾਲੀਆ, ਪਰਮਵੀਰ ਸਿੰਘ ਐਸ.ਡੀ.ਓ, ਰੋਹਿਤ ਕੁਮਾਰ, ਸਬ-ਡਵੀਜ਼ਨਲ ਇੰਜੀਨੀਅਰ ਪਰਮਵੀਰ ਸਿੰਘ, ਭਾਵਨਾ ਦੀਵਾਨ ਐਸ.ਡੀ.ਓ., ਚੰਨਣ ਸਿੰਘ ਪੱਮੂ ਢਿੱਲੋਂ, ਦਵਿੰਦਰ ਕੌਰ ਸਰਪੰਚ, ਸੁਮਿਤ ਭਾਰਤਵਾਜ, ਸੁਮਿਤ ਅਗਨੀਸੰਦਲ, ਲੱਕੀ ਕਪਲਾ, ਭਗਵੰਤ ਸਿੰਘ ਅਠਵਾਲ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਰਾਜਪਾਲ ਸੇਖੋ ਅਤੇ ਸਾਹਿਲ ਅਨੰਦ, ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ, ਬਲਾਕ ਸੰਮਤੀ ਚੇਅਰਪਰਸਨ ਮਮਤਾ ਰਾਣੀ ਤੇ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਪਤਵੰਤੇ ਹਾਜ਼ਰ