ਭਰਤਗੜ੍ਹ, 1 ਜੂਨ (ਜਸਬੀਰ ਸਿੰਘ ਬਾਵਾ)-ਹਿਮਾਚਲ ਪ੍ਰਦੇਸ਼ ਦੀ ਸਰਕਾਰ ਵਲੋਂ ਪੰਜਾਬ ਤੋਂ ਹਿਮਾਚਲ ਨੂੰ ਦਾਖਲ ਹੋਣ ਵਾਲੇ ਵਾਹਨਾਂ 'ਤੇ ਟੈਕਸ ਵਸੂਲਣ ਦੇ ਵਾਧੇ ਦੇ ਨਾਦਰਸ਼ਾਹੀ ਫੈਸਲੇ ਦੇ ਖਿਲਾਫ ਅੱਜ ਢੇਲਾਬੜ ਦੇ ਨੌਜਵਾਨ ਹਰਦੀਪ ਸਿੰਘ ਅਤੇ ਕਕਰਾਲਾ ਦੇ ਨੌਜਵਾਨ ਪਰਮਜੀਤ ਸਿੰਘ ਬੱਬੀ ਦੀ ਅਗਵਾਈ 'ਚ ਖੇਤਰੀ ਨੌਜਵਾਨਾਂ ਅਤੇ ਮੁਹਤਬਰਾਂ ਨੇ ਹਿਮਾਚਲ ਤੋਂ ਭਰਤਗੜ੍ਹ ਨੂੰ ਆਉਂਦੇ ਪੰਜੇਹਰਾ ਅਤੇ ਦਭੋਟਾ ਰਾਜ ਮਾਰਗ 'ਤੇ 4 ਘੰਟਿਆਂ ਲਈ ਵਾਹਨ ਆਵਾਜਾਈ ਠੱਪ ਕਰ ਦਿੱਤੀ ਅਤੇ ਹਿਮਾਚਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਹਿਮਾਚਲ ਵਲੋਂ ਪੰਜਾਬੀਆਂ ਦੇ ਵਾਹਨਾਂ 'ਤੇ ਥੋਪਿਆ ਟੈਕਸ ਪੂਰੀ ਤਰ੍ਹਾਂ ਗੈਰ-ਵਾਜਬ ਹੈ | ਸਬੰਧਿਤ ਨੁਮਾਇੰਦਿਆਂ ਨੇ ਕਿਹਾ ਕਿ ਉਕਤ ਸੰਘਰਸ਼ ਉਦੋ ਤੱਕ ਜਾਰੀ ਰਹੇਗਾ, ਜਦੋਂ ਤੱਕ ਗੁਆਂਢੀ ਰਾਜ ਦੀ ਸਰਕਾਰ ਆਪਣੇ ਨਾਦਰਸ਼ਾਹੀ ਫੁਰਮਾਨ ਵਾਪਿਸ ਨਹੀਂ ਲੈਂਦੀ, ਅਸੀਂ ਪੰਜਾਬ ਦੇ ਹੱਕਾਂ ਤੇ ਵਪਾਰਕ ਹਿੱਤਾਂ ਦੀ ਰਾਖੀ ਲਈ ਇਕਜੁੱਟ ਹੋ ਕੇ ਸੰਘਰਸ਼ 'ਚ ਡਟੇ ਰਹਾਂਗੇ | ਉਕਤ ਦੋਵੇਂ ਰਾਜ ਮਾਰਗਾਂ 'ਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਕਈ ਕਿ.ਮੀ. ਤੱਕ ਵਾਹਨ ਆਵਾਜਾਈ ਠੱਪ ਹੋਣ ਤੱਕ ਫਸੇ ਰਾਹਗੀਰ ਵੀ ਹਿਮਾਚਲ ਸਰਕਾਰ ਨੂੰ ਕੋਸਦੇ ਰਹੇ ਪਰ ਐਂਬੂਲੈਂਸ ਤੇ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਵਾਹਨ ਨੂੰ ਲੰਘਾਇਆ ਜਾ ਰਿਹਾ ਸੀ | ਜ਼ਿਕਰਯੋਗ ਹੈ ਕਿ ਸੰਘਰਸ਼ੀ ਯੋਧਿਆਂ ਨੇ ਮੁਹਤਬਰਾਂ ਦੇ ਸਹਿਯੋਗ ਨਾਲ ਤਿੱਖੀ ਧੁੱਪ 'ਚ ਫਸੇ ਰਾਹਗੀਰਾਂ ਲਈ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਵੀ ਕੀਤਾ ਤੇ ਕਰੀਬ 3 ਵਜੇ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਸਹਿਯੋਗ ਦੇ ਕੇ ਵਾਹਨ ਆਵਾਜਾਈ ਨੂੰ ਸੁਚਾਰੂ ਰੂਪ 'ਚ ਬਹਾਲ ਕਰਵਾਉਣ 'ਚ ਖੁਦ ਭੂਮਿਕਾ ਨਿਭਾਈ |