ਜਲੰਧਰ, 1 ਜੂਨ (ਸ਼ਿਵ, ਪਵਨ)-ਰੇਲਵੇ ਦੇ ਜਿਸ ਠੇਕੇਦਾਰ ਵਲੋਂ ਦਮੋਰੀਆ ਪੁਲ ਦੀ ਮੁਰੰਮਤ ਦਾ ਕੰਮ ਕਈ ਮਹੀਨੇ ਪਹਿਲਾਂ ਅਧੂਰਾ ਛੱਡਣ ਕਰਕੇ ਬੰਦ ਹੋ ਗਿਆ ਸੀ ਤਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਉਸ ਮਾਮਲੇ ਵਿਚ ਰੇਲਵੇ ਵਲੋਂ ਜੁਲਾਈ ਵਿਚ ਇਸ ਦੀ ਮੁਰੰਮਤ ਦਾ ਅਧੂਰਾ ਪਿਆ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ | ਚੇਤੇ ਰਹੇ ਕਿ ਰੇਲ ਵਿਭਾਗ ਨੇ ਪੁਰਾਣੇ ਪੁਲ ਦੇ ਪੁਰਾਣੇ ਢਾਂਚੇ ਨੂੰ ਬਦਲਣ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਇਸ ਨਾਲ ਪਿੱਲਰਾਂ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਕੁੱਝ ਮਹੀਨੇ ਤੋਂ ਇਹ ਕੰਮ ਬੰਦ ਪਿਆ ਹੈ | ਡਵੀਜ਼ਨਲ ਰੇਲਵੇ ਮੈਨੇਜਰ ਫ਼ਿਰੋਜਪੁਰ ਸ੍ਰੀ ਸੰਜੀਵ ਕੁਮਾਰ ਨੇ ਅੱਜ ਉੱਤਰੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਨਾਲ ਮੁਲਾਕਾਤ ਦੌਰਾਨ ਉਨਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਉਨਾਂ ਨੇ ਰੇਲ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ | ਬਾਵਾ ਹੈਨਰੀ ਨੇ ਸ੍ਰੀ ਸੰਜੀਵ ਕੁਮਾਰ ਨਾਲ ਕਈ ਮੁੱਦਿਆਂ ਨੂੰ ਹੱਲ ਕਰਵਾਉਣ ਦੇ ਮਾਮਲੇ ਵਿਚ ਮੁਲਾਕਾਤ ਕੀਤੀ ਸੀ ਤਾਂ ਉਨਾਂ 'ਤੇ ਜਲਦੀ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਸੀ | ਬਾਵਾ ਹੈਨਰੀ ਨੇ ਸ੍ਰੀ ਸੰਜੀਵ ਕੁਮਾਰ ਨੂੰ ਦੱਸਿਆ ਕਿ ਪੁਰਾਣੇ ਅਤੇ ਨਵੇਂ ਸ਼ਹਿਰ ਨੂੰ ਜੋੜਨ ਵਾਲਾ ਇਹ ਪੁਲ ਕਾਫੀ ਅਹਿਮ ਹੈ ਤੇ ਇਸ ਦਾ ਕੰਮ ਬੰਦ ਹੋਣ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ੍ਰੀ ਹੈਨਰੀ ਨੇ ਡੀ. ਆਰ. ਐਮ. ਨਾਲ ਹੋਰ ਜਿਹੜੇ ਮੁੱਦੇ ਉਠਾਏ ਉਨਾਂ ਵਿਚ ਟਾਂਡਾ ਰੋਡ ਫਾਟਕ 'ਤੇ ਬਣਨ ਵਾਲੇ ਅੰਡਰ ਪਾਸ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਮੰਗ ਵੀ ਕੀਤੀ | ਇਸ ਮੌਕੇ ਸ੍ਰੀ ਹੈਨਰੀ ਦਾ ਕਹਿਣ ਸੀ ਕਿ ਪੰਜਾਬ ਸਰਕਾਰ ਨੇ ਇਸ ਜਗਾ 'ਤੇ ਟ੍ਰੈਫਿਕ ਨੂੰ ਹੋਰ ਆਸਾਨ ਬਣਾਉਣ ਲਈ ਪਹਿਲਾਂ ਹੀ 13.50 ਕਰੋੜ ਰੁਪਏ ਜਾਰੀ ਕੀਤੇ ਹੋਏ ਹਨ | ਇਸ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਉਣਾ ਚਾਹੀਦਾ ਹੈ | ਉਨਾਂ ਨੇ ਟਾਂਡਾ ਫਾਟਕ ਤੋਂ ਸੋਢਲ ਫਾਟਕ ਖੰਨਾ ਬਗੀਚੀ ਵਾਲੀ ਸਾਈਡ 'ਤੇ ਗਰੀਨ ਬੈਲਟ ਬਣਾਉਣ ਦੀ ਮਨਜੂਰੀ ਦੇਣ ਦੀ ਮੰਗ ਕਰਨ ਤੋਂ ਇਲਾਵਾ ਰਾਮ ਨਗਰ ਫਾਟਕ 'ਤੇ ਅੰਡਰ ਪਾਸ ਬਣਾਉਣ ਲਈ ਅੰਮਿ੍ਤਸਰ ਰੂਟ ਐੱਸ62 ਤੇ ਪਠਾਨਕੋਟ ਐੱਸ2 ਰੂਟ 'ਤੇ ਸਰਵੇਖਣ ਕਰਵਾਉਣਾ ਚਾਹੀਦਾ ਹੈ | ਡੀ.ਆਰ. ਐਮ. ਸੰਜੀਵ ਕੁਮਾਰ ਨੇ ਸ੍ਰੀ ਬਾਵਾ ਹੈਨਰੀ ਨੂੰ ਭਰੋਸਾ ਦਿੱਤਾ ਕਿ ਟਾਂਡਾ ਫਾਟਕ 'ਤੇ ਅੰਡਰ ਪਾਸ ਬਣਾਉਣ ਲਈ ਪ੍ਰਕਿਰਿਆ ਅੱਗੇ ਤੋਰਨ ਲਈ ਕਹਿ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਉਨਾਂ ਨੇ ਇਲਾਕਾ ਵਾਸੀਆਂ ਅਤੇ ਸੁਸਾਇਟੀ ਵਾਲਿਆਂ ਵਲੋਂ ਟਾਂਡਾ ਫਾਟਕ ਤੋਂ ਸੋਢਲ ਫਾਟਕ ਤੱਕ ਖੰਨਾ ਬਗੀਚੀ ਵਾਲੀ ਸਾਈਡ ਪਾਸੇ ਗਰੀਨ ਬੈਲਟ ਬਣਾਉਣ ਦੀ ਮਨਜੂਰੀ ਦੇ ਦਿੱਤੀ ਕਿ ਲੋਕ ਆਪਣੇ ਖ਼ਰਚੇ 'ਤੇ ਉਕਤ ਇਲਾਕੇ ਦਾ ਸੁੰਦਰੀਕਰਨ ਕਰਦੇ ਹਨ ਤਾਂ ਉਨਾਂ ਨੂੰ ਰੇਲਵੇ ਇਸ ਕੰਮ ਵਿਚ ਉਨਾਂ ਦਾ ਸਹਿਯੋਗ ਕਰਦਾ ਹੈ |