ਨੂਰਪੁਰ ਬੇਦੀ, 5 ਜੂਨ (ਵਿੰਦਰਪਾਲ ਝਾਂਡੀਆਂ)- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਰੂਪਨਗਰ ਵਲੋਂ ਪਿੰਡ ਮੂਸਾਪੁਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ. ਰਮਿੰਦਰ ਸਿੰਘ (ਐਸ.ਈ.ਐਸ. ਫ਼ਸਲ ਵਿਗਿਆਨ) ਨੇ ਕਿਸਾਨਾਂ ਨੂੰ ਨਵੇਂ ਜਾਰੀ ਕੀਤੇ ਮੱਕੀ ਹਾਈਬਿ੍ਡ ਪੀ. ਐਮ. ਐਚ 17 ਬਾਰੇ ਜਾਣੂ ਕਰਵਾਇਆ | ਕਿਸਾਨਾਂ ਨੂੰ ਉਚਿਤ ਨਵੇਂ ਸਿਫਾਰਸ਼ੀ ਮੱਕੀ ਹਾਈਬਿ੍ਡਾਂ, ਬੀਜ ਦਰ, ਬੀਜਾਈ ਸਮਾਂ, ਪੋਸ਼ਕ ਪ੍ਰਬੰਧਨ, ਸਿੰਚਾਈ ਤੇ ਕੀਟ-ਰੋਗ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ | ਉੱਚ ਉਪਜ ਪ੍ਰਾਪਤ ਕਰਨ ਲਈ ਗੁਣਵੱਤਾ ਵਾਲੇ ਬੀਜ, ਸੰਤੁਲਿਤ ਖਾਦਾਂ ਤੇ ਸਮੇਂ-ਸਿਰ ਫਸਲ ਪ੍ਰਬੰਧਨ ਦੀ ਮਹੱਤਤਾ 'ਤੇ ਖਾਸ ਜ਼ੋਰ ਦਿੱਤਾ ਗਿਆ | ਡਾ. ਅਵਨੀਤ ਕੌਰ (ਡੀ.ਈ.ਐਸ.- ਫਲ ਵਿਗਿਆਨ) ਨੇ ਕਿਸਾਨਾਂ ਨੂੰ ਖੇਤੀ ਪ੍ਰਣਾਲੀ ਵਿਚ ਵਿਭਿੰਨਤਾ ਲਈ ਬਾਗਬਾਨੀ ਦੀ ਮਹੱਤਤਾ ਬਾਰੇ ਦੱਸਿਆ ਤੇ ਇਸ ਮੌਸਮ ਵਿਚ ਫਲਾਂ ਵਿਚ ਫਲ ਮੱਖੀ ਦੇ ਪ੍ਰਬੰਧਨ ਲਈ ਸੁਝਾਅ ਦਿੱਤੇ | ਡਾ. ਸੁਖਸਾਗਰ (ਏ.ਡੀ.ਓ.) ਨੇ ਕਿਸਾਨਾਂ ਨੂੰ ਝੋਨੇ ਵਿਚ ਮਧਰੇ ਰੋਗ ਤੇ ਇਸ ਦੇ ਪ੍ਰਬੰਧਨ ਬਾਰੇ ਜਾਣੂ ਕਰਵਾਇਆ | ਡਾ. ਪੀ.ਐਸ. ਚੀਮਾ ਨੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੇ ਹਿੱਤ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ | ਕੈਂਪ ਦੌਰਾਨ ਨਵੇਂ ਮੱਕੀ ਹਾਈਬਿ੍ਡ ਦਾ ਬੀਜ ਤੇ ਪੀ.ਏ.ਯੂ. ਫਰੂਟ ਫਲਾਈ ਟਰੈਪ ਉਪਲਬਧ ਕਰਵਾਏ ਗਏ ਜਿਨ੍ਹਾਂ ਨੂੰ ਕਿਸਾਨਾਂ ਵਲੋਂ ਖੂਬ ਪਸੰਦ ਕੀਤਾ ਗਿਆ | ਕਿਸਾਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਰੂਪਨਗਰ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ |