ਨੂਰਪੁਰ ਬੇਦੀ, 5 ਜੂਨ (ਹਰਦੀਪ ਸਿੰਘ ਢੀਂਡਸਾ)- ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜਟਵਾਹੜ ਦੇ ਜੰਮਪਲ ਤਰਲੋਚਨ ਸਿੰਘ ਜਟਵਾਹੜ ਪੁਲਿਸ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸੇਵਾ-ਮੁਕਤ ਹੋ ਗਏ ਹਨ | ਉਨ੍ਹਾਂ ਨੂੰ ਸੇਵਾ-ਮੁਕਤੀ 'ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ. ਡਾ.ਦਰਪਣ ਆਹਲੂਵਾਲੀਆ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਇਹਨਾਂ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ | ਪਿੰਡ ਜਟਵਾਹੜ ਦੇ ਮਹਿੰਦਰ ਸਿੰਘ ਦੇ ਹੋਣਹਾਰ ਸਪੁੱਤਰ ਤਰਲੋਚਨ ਸਿੰਘ ਸੰਨ 1992 ਵਿਚ ਪੰਜਾਬ ਪੁਲਿਸ ਵਿਚ ਬਤੌਰ ਏ.ਐਸ.ਆਈ ਭਰਤੀ ਹੋਏ ਸਨ | ਇਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਕਾਰਨ ਇਹ ਸਬ ਇੰਸਪੈਕਟਰ ਤੇ ਇੰਸਪੈਕਟਰ ਬਣਨ ਉਪਰੰਤ ਸਾਲ ਮਾਰਚ 2019 ਵਿਚ ਡੀ.ਐਸ.ਪੀ ਰੈਂਕ 'ਤੇ ਪਦ-ਉੱਨਤੀ ਹੋਏ | ਇਹ ਲੰਬੇ ਸਮੇਂ ਤੱਕ ਮੁਹਾਲੀ ਜ਼ਿਲ੍ਹੇ ਵਿਚ ਵੱਖ ਵੱਖ ਥਾਣਿਆਂ ਵਿਚ ਐਸ.ਐੱਚ.ਓ. ਰਹਿਣ ਤੋਂ ਇਲਾਵਾ ਸੀ.ਆਈ.ਏ ਸਟਾਫ਼ ਵਿਚ ਵੀ ਇੰਚਾਰਜ ਰਹੇ | ਇਹਨਾਂ ਨੂੰ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਵਲੋਂ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ | ਡੀ.ਐਸ.ਪੀ. ਬਣਨ ਉਪਰੰਤ ਇਹ ਬਲਾਚੌਰ, ਰੂਪਨਗਰ, ਸਮਰਾਲਾ ਤੇ ਖੰਨਾ ਤਹਿਸੀਲਾਂ ਵਿਚ ਬਤੌਰ ਡੀ.ਐਸ.ਪੀ. ਰਹੇ | ਇਹਨਾਂ ਨੂੰ ਸੇਵਾ ਮੁਕਤੀ 'ਤੇ ਵਧਾਈ ਦਿੰਦਿਆਂ ਪੁਲਿਸ ਕਪਤਾਨ ਡਾ.ਆਹਲੂਵਾਲੀਆ ਨੇ ਇਹਨਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਇਹਨਾਂ ਦੇ ਪਿਤਾ ਸੂਬੇ. ਮਹਿੰਦਰ ਸਿੰਘ, ਪਤਨੀ ਸਤਵਿੰਦਰ ਕੌਰ ਤੇ ਭਰਾ ਉਂਕਾਰ ਸਿੰਘ ਵੀ ਨਾਲ ਮੌਜੂਦ ਸਨ |