ਕਾਹਨਪੁਰ ਖੂਹੀ, 24 ਜੂਨ (ਗੁਰਬੀਰ ਸਿੰਘ ਵਾਲੀਆ)- ਸਿੱਧ ਚਾਨੋ ਬਲੀ ਪਾਤਸ਼ਾਹ ਦਰਬਾਰ ਵਿਖੇ ਰਾਮਪੁਰ ਕਲਾਂ, ਰਾਮਪੁਰ ਠੋਡਾਂ ਅਤੇ ਦਰਬਾਰ ਦੇ ਸੇਵਾਦਾਰਾਂ ਦੇ ਸਹਿਯੋਗ ਨਾਲ ਪ੍ਰਸਿੱਧ ਸਮਾਜ ਸੇਵੀ ਅਤੇ ਦਿੱਲੀ ਪੁਲਿਸ ਮਹਾਸੰਘ ਦੇ ਮੁੱਖ ਸਕੱਤਰ ਡਾ. ਦੇਵੇਂਦਰ ਬਜਾੜ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸ਼ਰਧਾਲੂਆਂ ਨੇ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਕੈਂਪ ਦਾ ਉਦਘਾਟਨ ਦਰਬਾਰ ਦੇ ਮੁੱਖ ਸੇਵਾਦਾਰ ਵਿਜੈ ਸਾਈਂ ਨੇ ਅਰਦਾਸ ਉਪਰੰਤ ਕੀਤਾ। ਖ਼ੁਦ ਨਿਯਮਿਤ ਖ਼ੂਨਦਾਨੀ ਹੋਣ ਕਰਕੇ ਵਿਜੈ ਸਾਈਂ ਨੇ ਵੀ ਖ਼ੂਨਦਾਨ ਕਰਦਿਆਂ ਨੌਜਵਾਨਾਂ ਨੂੰ ਇਸ ਮਹਾਨ ਸੇਵਾ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ ਜਿਸ ਨਾਲ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ। ਵਿਜੈ ਸਾਈਂ ਨੇ ਡਾ. ਦੇਵੇਂਦਰ ਬਜਾੜ ਵਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵਾ ਅਤੇ ਖ਼ੂਨਦਾਨ ਮੁਹਿੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਨ-ਰਾਤ ਲੋਕ ਭਲਾਈ ਦੇ ਕੰਮਾਂ ਵਿਚ ਜੁਟੇ ਰਹਿੰਦੇ ਹਨ ਅਤੇ ਖ਼ੂਨਦਾਨ ਦੇ ਖੇਤਰ ਵਿਚ ਉਨ੍ਹਾਂ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦਰਬਾਰ ਵਲੋਂ ਡਾ. ਬਜਾੜ ਦੇ ਹਰ ਸਮਾਜ ਸੇਵੀ ਕਾਰਜ ਵਿਚ ਪੂਰਾ ਸਹਿਯੋਗ ਅਤੇ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਯੁਵਰਾਜ ਸਿੰਘ ਗੁਰਜਰ (ਚੀਫ਼ ਕੋਆਰਡੀਨੇਟਰ ਬਲੱਡ ਕੈਂਪ ਬੂੰਗੜੀ), ਮਨਜੀਤ ਕੌਰ, ਮਨੋਜ, ਅਭਿਸ਼ੇਕ, ਅਜੈ ਸਾਈਂ, ਚਰਨਜੀਤ ਸੋਨੂ, ਜੱਸੀ ਸਾਈਂ, ਮਨੀ ਸਮੇਤ ਹੋਰ ਕਈ ਪਤਵੰਤੇ ਅਤੇ ਸ਼ਰਧਾਲੂ ਹਾਜ਼ਰ ਸਨ। ਕੈਂਪ ਦੀ ਸਫਲਤਾ ਲਈ ਖ਼ੂਨਦਾਨੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।